ਕਿਸਾਨਾਂ ਨੇ ਦਿੱਲੀ ਬਾਰਡਰਾਂ ਤੋਂ ਜੇਤੂ ਅੰਦਾਜ਼ ‘ਚ ਘਰਾਂ ਨੂੰ ਚਾਲੇ ਪਾਏ

ਨਵੀਂ ਦਿੱਲੀ, 11 ਦਸੰਬਰ – ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਸਾਲ ਨਵੰਬਰ ਵਿੱਚ ਟਰੈਕਟਰਾਂ ਦੇ ਵੱਡੇ ਕਾਫ਼ਲਿਆਂ ਨਾਲ ਪਹੁੰਚੇ ਅੰਦੋਲਨਕਾਰੀ ਕਿਸਾਨ ਨੇ ਜੇਤੂ ਅੰਦਾਜ਼ ‘ਚ ਘਰਾਂ ਚਾਲੇ ਪਾਏ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦਾ ਦਿਨ ‘ਫ਼ਤਿਹ ਮਾਰਚ’ ਵਜੋਂ ਐਲਾਨਿਆ ਸੀ ਤੇ ਅੱਜ ਅਰਦਾਸ ਕਰਨ ਮਗਰੋਂ ਕਿਸਾਨ ਦਿੱਲੀ ਦੇ ਮੋਰਚਿਆਂ ਤੋਂ ਕੌਮੀ ਸ਼ਾਹਰਾਹ ਮਾਰਗਾਂ ਰਾਹੀ ਆਪਣੇ-ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ।
ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਯਾਨੀ 380 ਦਿਨ ਘਰਾਂ ਤੋਂ ਦੂਰ ਡੇਰਾ ਲਾ ਕੇ ਬੈਠੇ ਇਹ ਕਿਸਾਨ ਜਿੱਤ ਦੀ ਖ਼ੁਸ਼ੀ ਅਤੇ ਸਫਲ ਪ੍ਰਦਰਸ਼ਨ ਦੀਆਂ ਯਾਦਾਂ ਲੈ ਕੇ ਘਰਾਂ ਨੂੰ ਪਰਤ ਰਹੇ ਹਨ। ਕਿਸਾਨਾਂ ਨੇ ਤਿੰਨ ਵਿਵਾਦਿਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਲਈ ਕਮੇਟੀ ਸਮੇਤ ਆਪਣੀਆਂ ਮੰਗਾਂ ਦੀ ਪੂਰਤੀ ‘ਤੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ‘ਤੇ ਹਾਈਵੇਅ ‘ਤੇ ‘ਫ਼ਤਿਹ ਮਾਰਚ’ ਕੱਢਿਆ। ਸਫਲ ਅੰਦੋਲਨ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਦੇ ਕਿਸਾਨ ਆਪਣੇ ਘਰਾਂ ਨੂੰ ਰਵਾਨਾ ਹੋਣ ਵੇਲੇ ਉਤਸ਼ਾਹਿਤ ਤੇ ਭਾਵੁਕ ਸਨ। ਰੰਗ-ਬਰੰਗੀਆਂ ਲਾਈਟਾਂ ਨਾਲ ਸਜੇ ਟਰੈਕਟਰਾਂ ‘ਤੇ ਡੈੱਕਾਂ ‘ਤੇ ਜੇਤੂ ਗੀਤ ਵੱਜ ਰਹੇ ਸਨ। ਰੰਗ-ਬਰੰਗੀਆਂ ਪੱਗਾਂ ਬੰਨ੍ਹੀ ਬਜ਼ੁਰਗ ਤੇ ਨੌਜਵਾਨ ਭੰਗੜੇ ਪਾ ਰਹੇ ਸਨ।
ਟਰੈਕਟਰ ਟਰਾਲੀਆਂ ‘ਤੇ ਭੰਗੜੇ ਪਾਉਂਦੇ ਸਾਮਾਨ ਅਤੇ ਬਿਹਤਰੀਨ ਕਿਸਮ ਦੀਆਂ ਝੌਂਪੜੀਆਂ ਨੂੰ ਯਾਦਗਾਰਾਂ ਵਜੇ ਸਹੇਜ ਕੇ ਘਰਾਂ ਨੂੰ ਪਰਤਦੇ ਕਿਸਾਨਾਂ ਦੇ ਚਿਹਰਿਆਂ ਤੋਂ ਦਿੱਲੀ ਜਿੱਤਣ ਦੀ ਖ਼ੁਸ਼ੀ ਬਾਖ਼ੂਬੀ ਝਲਕ ਰਹੀ ਸੀ। ਕਿਸਾਨ ਕਾਫ਼ਲਿਆਂ ਲਈ ਚਾਹ, ਜਲੇਬੀਆਂ ਅਤੇ ਪਕੌੜਿਆਂ ਦੇ ਵਿਸ਼ਾਲ ਲੰਗਰ ਦਾ ਇੰਤਜ਼ਾਮ ਸੀ। ਪੇਂਡੂ ਇਕਾਈਆਂ ਨੇ ਆਗੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ। ਬਹੁਤ ਸਾਰੇ ਬੱਚੇ ਵੀ ਆਪਣੇ ਦਾਦਿਆਂ ਅਤੇ ਪਿਤਾ ਦੇ ਸਵਾਗਤ ਲਈ ਪੁੱਜੇ ਹੋਏ ਸਨ।
ਖੇਤੀ ਕਾਨੂੰਨਾਂ ਦਾ ਸੰਘਰਸ਼ ਜਿੱਤ ਕੇ ਦਿੱਲੀਓਂ ਪਰਤ ਰਹੇ ਕਿਸਾਨ ਕਾਫ਼ਲਿਆਂ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਜਾ ਰਿਹਾ। ਹਰਿਆਣਾ ਦੇ ਕਿਸਾਨਾਂ ਵੱਲੋਂ ਕਿਸਾਨਾਂ ਦੇ ਕਾਫ਼ਲਿਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ ਗਿਆ ਤੇ ਪੰਜਾਬ ਵਾਸੀ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਕੇਐੱਮਪੀ ਚੌਕ ਉੱਪਰ ਰਾਈ ਕਸਬੇ ਵਾਲੇ ਪਾਸੇ ਹਰਿਆਣਵੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ, ‘ਵੱਡੇ ਭਰਾ ਪੰਜਾਬ ਦਾ ਧੰਨਵਾਦ’, ‘ਹਮ ਜੰਗ ਜਿੱਤ ਕੇ ਚੱਲੇ ਹੈ’ ਕਿਸਾਨ ਕਾਫ਼ਲਿਆਂ ਦੀਆਂ ਗੱਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਲੱਡੂ ਵੰਡੇ ਗਏ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਦਿਖਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਵਾਲੇ ਅਜੇ ਵੀ ਦੇਸ਼ ਵਿੱਚ ਹਨ। ਕਾਰਪੋਰੇਟ ਆਪਣੀਆਂ ਨੀਤੀਆਂ ਨੂੰ ਧੱਕੇ ਨਾਲ ਸਰਕਾਰਾਂ ਲਾਗੂ ਨਹੀਂ ਕਰਵਾ ਸਕਦੀਆਂ। ਸਰਹੱਦਾਂ ‘ਤੇ ਕਿਸਾਨਾਂ ਦੇ ਘਰ ਵਾਪਸੀ ਸਮੇਂ ਖ਼ੁਸ਼ੀ ਅਤੇ ਗ਼ਮ ਦੋਵੇਂ ਤਰ੍ਹਾਂ ਦਾ ਮਾਹੌਲ ਬਣਿਆ ਰਿਹਾ। ਜਿੱਥੇ ਮੋਰਚੇ ਦੀ ਜਿੱਤ ਤੋਂ ਬਾਅਦ ਕਿਸਾਨਾਂ ਦੀ ਘਰ ਵਾਪਸੀ ਦਾ ਉਤਸ਼ਾਹ ਵੇਖਦੇ ਬਣਦਾ ਸੀ, ਉੱਥੇ ਹੀ ਸ਼ਹੀਦ ਕਿਸਾਨਾਂ ਦੇ ਵਿਛੋੜੇ ਅਤੇ ਸਥਾਨਕ ਲੋਕਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਨੇ ਅੱਖਾਂ ਵਿੱਚ ਹੰਝੂ ਵਗਾ ਦਿੱਤੇ। ਸਥਾਨਕ ਲੋਕ ਵੀ ਭਾਵੁਕ ਨਜ਼ਰ ਆਏ ਕਿਉਂਕਿ ਕਿਸਾਨਾਂ ਵੱਲੋਂ ਸੇਵਾ ਭਾਵਨਾ ਤੇ ਹਿੰਮਤ ਨੇ ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇ ਹਨ। ਕਿਸਾਨ ਮੋਰਚੇ ਨਾਲ ਜੁੜੀਆਂ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ ਘਰਾਂ ਵੱਲ ਨੂੰ ਪਰਤ ਰਹੇ ਹਨ।