ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 9 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ, ਦੋ ਹੋਰ ਪਾਕਿਸਤਾਨ ਕ੍ਰਿਕਟ ਟੀਮ ਮੈਂਬਰ ਪਾਜ਼ੇਟਿਵ

ਵੈਲਿੰਗਟਨ, 3 ਦਸੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 9 ਹੋਰ ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਸਾਹਮਣੇ ਆਏ ਹਨ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ। ਇਨ੍ਹਾਂ ਵਿੱਚੋਂ 4 ਕੇਸ ਐਕਟਿਵ ਦੱਸੇ ਜਾ ਰਹੇ ਹਨ ਜਦੋਂ ਕਿ 5 ਕੇਸਾਂ ਨੂੰ ਹਿਸਟੋਰੀਕਲ ਕਿਹਾ ਜਾ ਰਿਹਾ ਹੈ। ਇਨ੍ਹਾਂ ਹਿਸਟੋਰੀਕਲ ਕੇਸਾਂ ਵਿੱਚੋਂ 2 ਕੇਸ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੇ ਹਨ। ਸਿਹਤ ਮੰਤਰਾਲੇ ਨੇ ਕੱਲ੍ਹ ਪਾਕਿਸਤਾਨੀ ਕ੍ਰਿਕਟ ਟੀਮ ਦੇ ਇਨ੍ਹਾਂ ਦੋਵੇਂ ਕੇਸਾਂ ਨੂੰ ਜਾਂਚ ਅਧੀਨ ਕਿਹਾ ਸੀ, ਪਰ ਜੋ ਹੁਣ 6ਵੇਂ ਦਿਨ ਦੇ ਟੈੱਸਟ ‘ਚ ਪਾਜ਼ੇਟਿਵ ਰਹੇ ਹਨ।
ਸਿਹਤ ਮੰਤਰਾਲੇ ਨੇ ਕਿਹਾ ਹੋਰ ਹਿਸਟੋਰੀਕਲ ਮਾਮਲਿਆਂ ਵਿੱਚ ਤੀਜਾ ਕੇਸ 17 ਨਵੰਬਰ ਨੂੰ ਜਰਮਨੀ ਤੋਂ ਸਿੰਗਾਪੁਰ ਰਾਹੀਂ ਆਇਆ ਸੀ। ਉਸ ਨੇ 12ਵੇਂ ਦਿਨ ਦੀ ਟੈਸਟਿੰਗ ‘ਚ ਪਾਜ਼ੇਟਿਵ ਨਤੀਜਾ ਦਿੱਤਾ। ਜਦੋਂ ਕਿ ਚੌਥਾ ਅਤੇ ਪੰਜਵਾਂ ਹਿਸਟੋਰੀਕਲ ਕੇਸ 18 ਨਵੰਬਰ ਨੂੰ ਨੀਦਰਲੈਂਡ ਤੋਂ ਸਿੰਗਾਪੁਰ ਹੁੰਦੇ ਹੋਏ ਨਿਊਜ਼ੀਲੈਂਡ ਪਹੁੰਚੇ। ਉਨ੍ਹਾਂ ਨੇ ਇਕੱਠੇ ਯਾਤਰਾ ਨਹੀਂ ਕੀਤੀ ਸੀ ਪਰ ਦੋਵਾਂ ਨੇ 12ਵੇਂ ਦਿਨ ਦੀ ਟੈਸਟਿੰਗ ਵਿੱਚ ਪਾਜ਼ੇਟਿਵ ਨਤੀਜਾ ਦਿੱਤਾ।
ਸਿਹਤ ਮੰਤਰਾਲੇ ਨੇ ਕਿਹਾ 4 ਆਏ ਐਕਟਿਵ ਕੇਸਾਂ ਵਿੱਚੋਂ 1 ਕੇਸ 29 ਨਵੰਬਰ ਨੂੰ ਯੂਨਾਈਟਿਡ ਕਿੰਗਡਮ ਤੋਂ ਨਿਊਜ਼ੀਲੈਂਡ ਆਇਆ ਅਤੇ ਤੀਜੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਰਿਹਾ। 2 ਕੇਸ ਕਤਰ ਤੋਂ 21 ਨਵੰਬਰ ਨੂੰ ਇਕੱਠੇ ਸਫ਼ਰ ਕਰਦਿਆਂ ਨਿਊਜ਼ੀਲੈਂਡ ਪਹੁੰਚੇ ਸਨ, ਉਨ੍ਹਾਂ ਦੀ ਯਾਤਰਾ ਬਾਰੇ ਹੋਰ ਵੇਰਵਾ ਬਾਕੀ ਹੈ। ਇਨ੍ਹਾਂ ਦੋਨਾਂ ਦਾ 12ਵੇਂ ਦਿਨ ਦੀ ਟੈੱਸਟ ਵਿੱਚ ਪਾਜ਼ੇਟਿਵ ਆਇਆ। ਜਦੋਂ ਕਿ ਚੌਥਾ ਕੇਸ 30 ਨਵੰਬਰ ਦਾ ਹੈ ਜੋ ਅਮਰੀਕਾ ਤੋਂ ਆਇਆ ਅਤੇ ਤੀਜੇ ਦਿਨ ਦੇ ਰੁਟੀਨ ਟੈੱਸਟ ਵਿੱਚ ਪਾਜ਼ੇਟਿਵ ਰਿਹਾ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 70 ਹੋ ਗਈ ਹੈ। ਕੱਲ੍ਹ ਦੇਸ਼ ਭਰ ਦੀਆਂ ਲੈਬਾਰਟਰੀਆਂ ਨੇ ਕੋਵਿਡ -19 ਦੇ 5,834 ਟੈੱਸਟ ਕੀਤੇ, ਜਿਸ ਨਾਲ ਪੂਰੇ ਹੋਏ ਟੈੱਸਟਾਂ ਦੀ ਗਿਣਤੀ 1,291,609 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2070 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ, ਜਿਨ੍ਹਾਂ ਵਿੱਚੋਂ 1,713 ਕੰਨਫ਼ਰਮ ਤੇ 357 ਪ੍ਰੋਵੈਬਲੀ ਕੇਸ ਹੀ ਹਨ। ਬਾਡਰ ਤੋਂ ਆਏ ਨਵੇਂ ਕੇਸਾਂ ਦੀ ਗਿਣਤੀ 386 ਹੋ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1975 ਹੋ ਗਈ ਹੈ, ਕੱਲ੍ਹ 11 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।