ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 69 ਨਵੇਂ ਕੇਸ ਆਏ, MIQ ‘ਚ ਓਮਿਕਰੋਨ ਦੇ 9 ਨਵੇਂ ਕੇਸ

ਵੈਲਿੰਗਟਨ, 20 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 69 ਹੋਰ ਨਵੇਂ ਕੇਸ ਸਾਹਮਣੇ ਆਏ। ਜਦੋਂ ਕਿ ਜੀਨੋਮ ਸਿਕਯੂਐਂਸਿੰਗ ਦੇ ਨਾਲ ਸੋਮਵਾਰ ਨੂੰ ਇੰਟਰਨੈਸ਼ਨਲ ਆਮਦ ਵਿੱਚ ਓਮਿਕਰੋਨ ਦੇ ਹੋਰ 9 ਨਵੇਂ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਜਿਸ ਨਾਲ ਹੁਣ ਤੱਕ ਦੇਸ਼ ਵਿੱਚ ਬਾਰਡਰ ਰਾਹੀ ਓਮਿਕਰੋਨ ਦੇ ਕੁੱਲ 22 ਮਾਮਲੇ ਸਾਹਮਣੇ ਆਏ ਹਨ।
ਓਮਿਕਰੋਨ ਦੇ ਇੱਕ ਕੇਸ ਨੂੰ ਛੱਡ ਕੇ ਹੁਣ ਤੱਕ ਦੇ ਸਾਰੇ ਕੇਸ ਮੈਨੇਜਡ ਆਈਸੋਲੇਸ਼ਨ ‘ਚ ਰਹਿ ਰਹੇ ਹਨ, ਸਿਰਫ਼ ਇੱਕ ਨੂੰ ਛੱਡ ਕੇ ਜੋ ਠੀਕ ਹੋ ਗਿਆ ਹੈ ਅਤੇ ਰਿਹਾ ਕੀਤਾ ਗਿਆ ਹੈ। ਕੋਵਿਡ ਦੇ ਸਭ ਤੋਂ ਨਵੇਂ ਰੂਪਾਂ ਦਾ ਮੁਕਾਬਲਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨ ਲਈ ਕੈਬਨਿਟ ਦੀ ਅੱਜ ਦੁਪਹਿਰ ਨੂੰ ਮੀਟਿੰਗ ਹੋਣ ਦੀ ਉਮੀਦ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਡੈਲਟਾ ਦੇ ਨਵੇਂ 69 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 59 ਕੇਸ, 7 ਕੇਸ ਵਾਇਕਾਟੋ ‘ਚ, 1 ਕੇਸ ਤਾਰਾਨਾਕੀ ‘ਚ ਅਤੇ 3 ਕੇਸ ਬੇਅ ਆਫ਼ ਪਲੇਨਟੀ ਵਿੱਚ ਹੈ।
ਅੱਜ ਦੇ ਨਵੇਂ 55 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,301 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 62 ਮਰੀਜ਼ ਹਨ। ਜਿਨ੍ਹਾਂ ਵਿੱਚੋਂ 11 ਕੇਸ ਨੌਰਥ ਸ਼ੋਰ, 31 ਕੇਸ ਆਕਲੈਂਡ ਸਿਟੀ ਹਸਪਤਾਲ, 15 ਮਿਡਲਮੋਰ ‘ਚ, 2 ਮਰੀਜ਼ ਵਾਇਕਾਟੋ ‘ਚ ਅਤੇ 3 ਟੌਰੰਗਾ ਹਸਪਤਾਲ ਵਿੱਚ ਹਨ। 7 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 52 ਸਾਲ ਹੈ।
ਹਸਪਤਾਲ ਵਿੱਚ ਦਾਖਲ 62 ਕੇਸਾਂ ਵਿੱਚੋਂ 31 ਅਣ-ਟੀਕਾਕਰਣ ਵਾਲੇ ਹਨ ਜਾਂ ਯੋਗ ਨਹੀਂ ਹਨ, 6 ਅੰਸ਼ਕ ਤੌਰ ‘ਤੇ ਟੀਕਾਕਰਣ ਕੀਤੇ ਗਏ ਹਨ, 15 ਪੂਰੀ ਤਰ੍ਹਾਂ ਟੀਕਾਕਰਣ ਕੀਤੇ ਗਏ ਹਨ ਅਤੇ 5 ਅਣਜਾਣ ਹਨ।