ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 13 ਹੋਰ ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 9 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 13 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਕਮਿਊਨਿਟੀ ਵਿੱਚ ਆਏ 13 ਨਵੇਂ ਕੋਵਿਡ ਕੇਸ ਸਾਰੇ ਹੀ ਆਕਲੈਂਡ ਦੇ ਹਨ। ਦੇਸ਼ ‘ਚ ਕਮਿਊਨਿਟੀ ਦੇ 868 ਕੇਸ ਹੋ ਗਏ ਹਨ, ਜਦੋਂ ਕਿ 264 ਕੇਸ ਰਿਕਵਰ ਹੋਏ ਹਨ।
ਕਮਿਊਨਿਟੀ ਦੇ 868 ਕੇਸ ਵਿੱਚੋਂ 851 ਆਕਲੈਂਡ ਅਤੇ 17 ਵੈਲਿੰਗਟਨ ਦੇ ਕੇਸ ਹਨ। ਹਸਪਤਾਲ ਵਿੱਚ 31 ਮਰੀਜ਼ ਹਨ ਜਿਨ੍ਹਾਂ ਵਿੱਚੋਂ 6੫ਸਖ਼ਤ ਦੇਖਭਾਲ (ICU) ਵਿੱਚ ਹਨ, ਜਿਨ੍ਹਾਂ ‘ਚੋਂ 3 ਵੈਂਟੀਲੇਟਰ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਦੇਸ਼ ਭਰ ‘ਚ 17,000 ਤੋਂ ਵੱਧ ਟੈੱਸਟ ਕੀਤੇ ਗਏ, ਜਿਨ੍ਹਾਂ ‘ਚ 8000 ਤੋਂ ਵੱਧ ਟੈੱਸਟ ਆਕਲੈਂਡ ਵਿੱਚ ਕੀਤੇ ਗਏ। ਉਨ੍ਹਾਂ ਕਿਹਾ ਕਿ 38,126 ਸੰਪਰਕਾਂ ਵਿੱਚੋਂ 87% ਦੇ ਟੈੱਸਟ ਹੋ ਚੁੱਕੇ ਹਨ।