ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 43 ਹੋਰ ਨਵੇਂ ਕੇਸ ਆਏ

ਵੈਲਿੰਗਟਨ, 12 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 43 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 40 ਕੇਸ ਆਕਲੈਂਡ ਅਤੇ 3 ਕੇਸ ਵਾਇਕਾਟੋ ਦੇ ਹਨ। ਆਕਲੈਂਡ ਵਿਚਲੇ ਅੱਜ ਦੇ ਕੇਸਾਂ ਵਿੱਚੋਂ 19 ਕੇਸ ਅਣਲਿੰਕ ਹਨ ਜਦੋਂ ਕਿ ਵਾਇਕਾਟੋ ਦੇ 3 ਕੇਸ ਘਰੇਲੂ ਸੰਪਰਕ ਦੇ ਹਨ। ਪੁਲਿਸ ਦੁਆਰਾ ਬੀਤੀ ਰਾਤ ਚੱਕੇ ਗਏ ਨੌਰਥਲੈਂਡ ਦੇ ਯਾਤਰੀ ਦਾ ਟੈੱਸਟ ਪਾਜ਼ੇਟਿਵ ਆਇਆ ਹੈ।
ਅੱਜ ਦੀ ਪ੍ਰੈੱਸ ਕਾਨਫ਼ਰੰਸ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਆਰਡਰਨ ਨੇ ਕੱਲ੍ਹ ਐਲਾਨ ਕੀਤੀ ਸੀ ਕਿ ਆਕਲੈਂਡ ਮੌਜੂਦਾ ਅਲਰਟ ਲੈਵਲ 3 ਸੈਟਿੰਗਾਂ ‘ਤੇ ਰਹੇਗਾ, ਜਿਸ ਦੀ ਅਗਲੇ ਸੋਮਵਾਰ ਨੂੰ ਦੁਬਾਰਾ ਸਮੀਖਿਆ ਕੀਤੀ ਜਾਏਗੀ। ਜਦੋਂ ਕਿ ਨੌਰਥਲੈਂਡ ਅਤੇ ਵਾਇਕਾਟੋ ਵੀਰਵਾਰ ਰਾਤ ਘੱਟੋ ਘੱਟ 11.59 ਵਜੇ ਤੱਕ ਅਲਰਟ ਲੈਵਲ 3 ‘ਤੇ ਰਹਿਣਗੇ, ਜਿਨ੍ਹਾਂ ਦੀ ਬੁੱਧਵਾਰ ਨੂੰ ਕੈਬਨਿਟ ਸਮੀਖਿਆ ਕਰੇਗੀ।
ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਨਵੇਂ 43 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,664 ਹੋ ਗਈ ਹੈ। ਹਸਪਤਾਲ ਵਿੱਚ 34 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ ਅਤੇ 1 ਮਰੀਜ਼ ਵੈਂਟੀਲੇਟਰ ਉੱਤੇ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਸ਼ਨੀਵਾਰ ਨੂੰ ਇੱਕ ਟੈਲੀਵਿਜ਼ਨ “ਵੈਕਸੈਥਨ” ਦਾ ਐਲਾਨ ਵੀ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਕੀਵੀਆਂ ਦੇ ਜੈਬ ਪ੍ਰਾਪਤ ਕਰਨ ਦੇ ਰੋਜ਼ਾਨਾ ਦੇ ਰਿਕਾਰਡ ਟੁੱਟ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇੱਕ ਦਿਨ ਵਿੱਚ 1,00,000 ਟੀਕੇ ਲਗਾਉਣ ਦੀ ਸਮਰੱਥਾ ਹੈ ਅਤੇ “ਸੁਪਰ ਸ਼ਨੀਵਾਰ” ਤੱਕ ਪਹੁੰਚਣ ਦੀ ਉਮੀਦ ਹੈ।
ਡਾ. ਬਲੂਮਫੀਲਡ ਨੇ ਕਿਹਾ ਕਿ ਡੈਲਟਾ ਪ੍ਰਕੋਪ ਦੀ ਸ਼ੁਰੂਆਤ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ 158 ਲੋਕਾਂ ਵਿੱਚੋਂ ਸਿਰਫ਼ 3 ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਿਆ ਹੋਇਆ ਸੀ। ਡਾ. ਬਲੂਮਫੀਲਡ ਨੇ ਇਹ ਵੀ ਐਲਾਨ ਕੀਤੀ ਕਿ ਫਿਜ਼ੀਅਨ ਸੰਯੁਕਤ ਰਾਸ਼ਟਰ ਦੇ ਕਰਮਚਾਰੀ, ਜਿਸ ਨੂੰ ਇਲਾਜ ਲਈ ਨਿਊਜ਼ੀਲੈਂਡ ਭੇਜਿਆ ਗਿਆ ਸੀ, ਨੇ ਸ਼ਾਨਦਾਰ ਸਿਹਤਯਾਬੀ ਹਾਸਲ ਕੀਤੀ ਹੈ ਅਤੇ 76 ਦਿਨਾਂ ਦੀ ਦੇਖਭਾਲ ਤੋਂ ਬਾਅਦ ਅੱਜ ਮਿਡਲਮੋਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਡਾ. ਬਲੂਮਫੀਲਡ ਨੇ ਪੁਸ਼ਟੀ ਕੀਤੀ ਕਿ ਨੌਰਥਲੈਂਡ ਕੇਸ ਦੇ ਯਾਤਰੂ ਸਾਥੀ ਦੇ ਸਕਾਰਾਤਮਿਕ ਟੈੱਸਟ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਪਬਲਿਕ ਹੈਲਥ ਸਟਾਫ਼ ਦੋਵਾਂ ਮਾਮਲਿਆਂ ਨਾਲ ਨੇੜਿਉਂ ਕੰਮ ਕਰ ਰਿਹਾ ਹੈ। ਮਹਿਲਾ ਯਾਤਰੀ ਇੱਕ ਹੋਰ ਮਹਿਲਾ ਸਾਥੀ ਦੇ ਨਾਲ ਸੀ, ਜਿਸ ਦਾ ਪਿਛਲੇ ਹਫ਼ਤੇ ਸਕਾਰਾਤਮਿਕ ਟੈੱਸਟ ਆਇਆ ਸੀ। ਕਿਉਂਕਿ ਉਹ ਜਾਅਲੀ ਦਸਤਾਵੇਜ਼ ਤਹਿਤ ਆਕਲੈਂਡ ਤੋਂ ਨੌਰਥਲੈਂਡ ਵੱਲ ਚਲੀ ਗਈ ਸੀ ਅਤੇ ਵਾਪਸ ਆ ਗਈ ਸੀ। ਉਹ ਪਬਲਿਕ ਹੈਲਥ ਕਰਮਚਾਰੀਆਂ ਨੂੰ ਇਹ ਦੱਸਣ ਤੋਂ ਇਨਕਾਰ ਕਰ ਰਹੀਆਂ ਹਨ ਕਿ ਉਹ ਕਿੱਥੇ ਗਈਆਂ ਸਨ ਅਤੇ ਉਹ ਕਿਸ ਦੇ ਨਾਲ ਸਨ। ਜੋ ਕਿ ਕੋਵਿਡ ਦੇ ਫੈਲਣ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੰਪਰਕ ਟ੍ਰੇਸਰਾਂ ਦੁਆਰਾ ਲੋੜੀਂਦੀ ਮੁੱਖ ਜਾਣਕਾਰੀ ਹੈ। ਪੁਲਿਸ ਨੇ ਬੀਤੀ ਰਾਤ 9.55 ਵਜੇ ਨਿਊ ਲਿਨ ਦੇ ਘਰ ਵਿੱਚ ਲੱਛਣ ਵਾਲੀ ਮਹਿਲਾ ਨੂੰ ਫੜ ਲਿਆ ਅਤੇ ਉਸ ਨੂੰ ਸਾਊਥ ਆਕਲੈਂਡ ਵਿੱਚ ਜੈੱਟ ਪਾਰਕ ਕੁਆਰੰਟੀਨ ਸਹੂਲਤ ਵਿੱਚ ਲੈ ਗਈ। ਉਸ ਦੇ ਟੈੱਸਟ ਦੇ ਨਤੀਜੇ ਵਿੱਚ ਤੇਜ਼ੀ ਆਈ ਅਤੇ ਅੱਜ ਸਵੇਰੇ ਨਤੀਜਾ ਸਕਾਰਾਤਮਿਕ ਵਾਪਸ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ ਹਫ਼ਤੇ ਸਕਾਰਾਤਮਿਕ ਟੈੱਸਟ ਕਰਨ ਵਾਲੀ ਮਹਿਲਾ ਦੇ 18 ਸੰਪਰਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 17 ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ 18 ਸੰਪਰਕਾਂ ਵਿੱਚੋਂ 9 ਨੌਰਥਲੈਂਡ, 7 ਆਕਲੈਂਡ, 1 ਵੈਲਿੰਗਟਨ ਅਤੇ 1 ਦਾ ਅਜੇ ਨਿਰਧਾਰਿਤ ਹੋਣਾ ਬਾਕੀ ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ‘ਚ 16,565 ਟੈੱਸਟ ਕੀਤੇ ਗਏ ਹਨ, ਆਕਲੈਂਡ ਵਿੱਚ 13,981 ਟੈੱਸਟ ਕੀਤੇ ਗਏ। ਦੇਸ਼ ਭਰ ਵਿੱਚ ਕੱਲ੍ਹ ਕੋਵਿਡ -19 ਦੀਆਂ ਕੁੱਲ 69,118 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 15,107 ਅਤੇ ਦੂਜੀ ਖ਼ੁਰਾਕ ਵਾਲੇ 54,011 ਹਨ।