ਲਖੀਮਪੁਰ ਹਿੰਸਾ: ਅਸ਼ੀਸ਼ ਮਿਸ਼ਰਾ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ

ਲਖੀਮਪੁਰ ਖੀਰੀ, 11 ਅਕਤੂਬਰ – 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦਾ ਅੱਜ ਉੱਤਰ ਪ੍ਰਦੇਸ਼ ਪੁਲੀਸ ਨੂੰ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਹੋਈ ਇਸ ਹਿੰਸਾ ਵਿੱਚ ਚਾਰ ਕਿਸਾਨਾਂ ਸਣੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਸੀ।
ਸਰਕਾਰੀ ਵਕੀਲ ਐੱਸ.ਪੀ. ਯਾਦਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲੀਸ ਨੇ ਅਸ਼ੀਸ਼ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਉਨ੍ਹਾਂ ਨੂੰ ਮੁਲਜ਼ਮ ਦਾ ਸਿਰਫ਼ ਤਿੰਨ ਦਿਨ 12 ਅਕਤੂਬਰ ਤੋਂ 15 ਅਕਤੂਬਰ ਤੱਕ ਦਾ ਰਿਮਾਂਡ ਮਿਲ ਸਕਿਆ। ਇਹ ਰਿਮਾਂਡ 15 ਅਕਤੂਬਰ ਨੂੰ ਖ਼ਤਮ ਹੋਵੇਗਾ। ਸਰਕਾਰੀ ਵਕੀਲ ਯਾਦਵ ਨੇ ਕਿਹਾ ਕਿ ਇਹ ਰਿਮਾਂਡ ਚੀਫ਼ ਜੁਡੀਸ਼ਲ ਮੈਜਿਸਟਰੇਟ ਚਿੰਤਾਰਾਮ ਵੱਲੋਂ ਇਸ ਸ਼ਰਤ ਉੱਤੇ ਦਿੱਤਾ ਗਿਆ ਕਿ ਅਸ਼ੀਸ਼ ਮਿਸ਼ਰਾ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਉਸ ਦੇ ਵਕੀਲ ਅਸ਼ੀਸ਼ ਦੇ ਨਾਲ ਰਹਿਣਗੇ।