ਸੈਕਰਾਮੈਂਟੋ, ਕੈਲੇਫੋਰਨੀਆ ‘ਚ ਹੋਇਆ ਯੂ ਪੀ ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਇਕੱਠ, ਅਮਰੀਕੀ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੰਡਮ

ਵੱਖ ਵੱਖ ਬੁਲਾਰਿਆਂ ਨੇ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਕੀਤੀ ਅਪੀਲ
ਸੈਕਰਾਮੈਂਟੋ, ਕੈਲੇਫੋਰਨੀਆ, 11 ਅਕਤੂਬਰ
( ਹੁਸਨ ਲੜੋਆ ਬੰਗਾ) – ਗੋਲਡਨ ਸਟੇਟ ਕੈਲੇਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਕੈਪੀਟਲ ਤੇ ਅੱਜ ਪੰਜਾਬੀ ਭਾਈਚਾਰੇ ਵੱਲੋਂ ਬੀਤੇ ਦਿਨੀਂ ਯੂਪੀ ‘ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਪ੍ਰਗਟ ਕਰਨ ਲਈ ਇਕੱਠ ਕੀਤਾ ਗਿਆ ਜਿਸ ਦੌਰਾਨ ਦੂਰੋਂ ਨੇੜਿਉਂ ਆਏ ਬੁਲਾਰਿਆਂ ਨੇ ਹੁਣ ਤੱਕ ਮਾਰੇ ਗਏ ਕਿਸਾਨਾਂ ਤੇ ਯੂ ਪੀ ਵਿੱਚ ਸਿਆਸੀ ਲੋਕਾਂ ਵੱਲੋਂ ਕੀਤੇ ਗਏ ਕਿਸਾਨਾਂ ਦੇ ਕਤਲਾਂ ਪ੍ਰਤੀ ਦੁੱਖ ਪ੍ਰਗਟ ਕੀਤਾ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਤੇ ਫਿਰ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਵਿਅਕਤ ਕੀਤੇ ਇਸ ਮੌਕੇ ਹਰੀਪਾਲ ਸਿੰਘ ਸਹੋਤਾ ਨੇ ਪੰਜਾਬ ਦੇ ਇਤਿਹਾਸ ਨਾਲ ਇਸ ਘਟਨਾ ਨੂੰ ਜੋੜਦਿਆਂ ਕਿਹਾ ਕਿ 1947 ਦੀ ਘਟਨਾ ਵੀ ਸਿੱਖਾਂ ਸਿਰ ਮੜ੍ਹ ਦਿੱਤੀ ਗਈ ਤੇ ਜਿਸ ਦੌਰਾਨ ਲੱਖਾਂ ਸਿੱਖ ਮਰੇ ਤੇ ਨਨਕਾਣਾ ਸਾਹਿਬ ਦੇ ਘੱਲੂਘਾਰੇ ਦੌਰਾਨ ਤਾਂ ਸਿੱਖਾਂ ਦੀਆਂ ਅਜਿਹੀਆਂ ਕੋਈ ਮੰਗਾਂ ਨਹੀਂ ਸੀ ਪਰ ਫਿਰ ਵੀ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਰਿਹਾ ਹੈ ਬਣ ਰਿਹਾ ਹੈ। ਇਸ ਦੌਰਾਨ ਕੁਲਜੀਤ ਸਿੰਘ ਨਿੱਝਰ ਇਤਿਹਾਸਕ ਗੁਰਦੁਆਰਾ ਸਟਾਕਟਨ ਨੇ ਕਿਹਾ ਕਿ ਭਾਵੇਂ ਜੋ ਮਰਜ਼ੀ ਕਿਹਾ ਜਾਵੇ ਪਰ ਕਤਲੇਆਮ ਸਿੱਖਾਂ ਦਾ ਹੀ ਹੋਣਾ ਹੈ, ਇਹ ਸਿਰਫ਼ ਭਾਰਤ ਵਿੱਚ ਹੀ ਸੰਭਵ ਹੈ, ਉਨ੍ਹਾਂ ਕਿਹਾ ਸਾਨੂੰ ਅੱਜ ਵੀ ਭਾਰਤ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਕਿਉਂ ਕਿ ਸਾਡਾ ਕੋਈ ਆਪਣਾ ਘਰ ਹੀ ਨਹੀਂ ਹੈ। ਸਿੱਖ ਆਗੂ ਸ ਜੌਨ ਸਿੰਘ ਗਿੱਲ ਨੇ ਭਾਰਤ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਕਿਸਾਨਾਂ ਮੋਰਚਿਆਂ ਚ ਹੋਰ ਸ਼ਾਮਿਲ ਹੋਣ ਤੇ ਪੈਸੇ ਦੀ ਮਦਦ ਨਿਰੰਤਰ ਕੀਤੀ ਜਾਵੇਗੀ ਇਸ ਲਈ ਸਾਨੂੰ ਫ਼ੰਡ ਵੀ ਇਕੱਠੇ ਕਰਨੇ ਪਏ ਤਾਂ ਅਸੀਂ ਕਰਾਂਗੇ। ਉਨ੍ਹਾਂ ਸੋਸ਼ਲ ਮੀਡੀਏ ਨੂੰ ਭਰਪੂਰ ਵਰਤੋਂ ਚ ਲਿਆਉਣ ਲਈ ਕਿਹਾ। ਸਮਾਜਿਕ ਆਗੂ ਮਲਕੀਅਤ ਸਿੰਘ ਬੋਪਾਰਾਏ ਨੇ ਕਿਸਾਨਾਂ ਦੇ ਹੋਏ ਕਤਲੇਆਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਰਫ਼ ਸਾਡੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ, ਉਨ੍ਹਾਂ ਕਿਹਾ ਕਿ ਕਾਂਗਰਸਮੈਨਾਂ ਨੂੰ ਸਾਡੇ ਪੜੇ ਲਿਖੇ ਭਾਈਚਾਰੇ ਵੱਲੋਂ ਲਿਖਿਆ ਜਾਣਾ ਚਾਹੀਦਾ ਹੈ। ਬਿਜ਼ਨਸਮੈਨ ਜਸਵੀਰ ਸਿੰਘ ਥਾਂਦੀ ਨੇ ਕਿਹਾ ਕਿ ਸਰਕਾਰ ਸਾਡੇ ਇਤਿਹਾਸ ਨੂੰ ਨਹੀਂ ਜਾਣਦੀ, ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਾਨੂੰ ਇਕੱਠ ਹੋਕੇ ਜਿੱਤ ਪ੍ਰਾਪਤ ਕਰਨ ਲਈ ਤਹੱਈਆ ਕਰਨਾ ਚਾਹੀਦਾ ਹੈ। ਬਰਾਡਸ਼ਾਅ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਡਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਯੂ ਪੀ ਵਾਪਰੀ ਘਟਨਾ ਵਾਲੇ ਇਲਾਕੇ ਨਾਲ ਸਬੰਧ ਰੱਖਦਾ ਹੈ ਪਰ ਉੱਥੇ ਸਿੱਖਾਂ ਦੀਆਂ ਬੇਸ਼ੁਮਾਰ ਜਾਇਦਾਦਾਂ ਹਨ ਪਰ ਇਸ ਘਟਨਾ ਨੇ ਤਰਾਈ ਦੇ ਸਿੱਖਾਂ ਨੂੰ ਇਕੱਲੇਪਨ ਦਾ ਫਿਰ ਅਹਿਸਾਸ ਕਰਵਾਇਆ ਹੈ ਤੇ ਭਾਰਤ ਵਿੱਚ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਹਨ। ਸਟੇਜ ਦੀ ਕਾਰਵਾਈ ਸੀਤਲ ਸਿੰਘ ਨਿੱਝਰ ਤੇ ਸੁੱਖੀ ਸੇਖੋਂ ਅਮਨਦੀਪ ਸਿੰਘ ਸੰਧੂ ਨੇ ਨਿਭਾਈ ਇਸ ਮੌਕੇ ਹੋਰ ਬੁਲਾਰਿਆਂ ਵਿੱਚ ਜੈਗ ਬੈਂਸ, ਕੇਸਰ ਸਿੰਘ, ਰਾਜਾ ਕੰਗ, ਬੂਟਾ ਢਿੱਲੋਂ, ਫ਼ਕੀਰ ਸਿੰਘ ਮੱਲੀ ਨੇ ਵੀ ਵਿਚਾਰ ਰੱਖੇ। ਇਸ ਮੌਕੇ ਕੈਲੇਫੋਰਨੀਆ ਦੀ ਅਸੈਂਬਲੀ ਚ ਕੰਮ ਕਰਦੇ ਗੁਰਲੀਨ ਸਿੰਘ ਬੋਪਾਰਾਏ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਲਈ ਸਮੂਹਕ ਤੌਰ ਤੇ ਕਿਸਾਨਾਂ ਪ੍ਰਤੀ ਇੱਕ ਮੈਮੋਰੰਡਮ ਦਿੱਤਾ ਗਿਆ।