ਕੋਵਿਡ -19: ਨਿਊਜ਼ੀਲੈਂਡ ‘ਚ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ

ਵੈਲਿੰਗਟਨ, 2 ਜੁਲਾਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ 2 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਵੈਲਿੰਗਟਨ ਬੁੱਧਵਾਰ ਨੂੰ ਮੁੜ ਅਲਰਟ ਲੈਵਲ 1 ‘ਤੇ ਬਾਕੀ ਦੇਸ਼ ਨਾਲ ਵਾਪਸ ਆ ਗਿਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ‘ਚੋਂ ਆਏ 2 ਨਵੇਂ ਕੇਸ ਵਿੱਚੋਂ ਪਹਿਲਾ ਕੇਸ 25 ਜੂਨ ਨੂੰ ਦੱਖਣੀ ਅਫ਼ਰੀਕਾ ਤੋਂ ਨਿਊਜ਼ੀਲੈਂਡ ਪਹੁੰਚਿਆ ਅਤੇ ਆਪਣੀ ਠਹਿਰ ਦੇ ਪੰਜਵੇਂ ਦਿਨ ਪਾਜ਼ੇਟਿਵ ਆਇਆ। ਜਦੋਂ ਕਿ ਦੂਜਾ ਕੇਸ 25 ਜੂਨ ਨੂੰ ਇੰਗਲੈਂਡ ਤੋਂ ਆਇਆ ਅਤੇ ਉਹ ਰੁਟੀਨ ਟੈਸਟਿੰਗ ਦੇ ਪਹਿਲੇ ਦਿਨ ਹੀ ਪਾਜ਼ੇਟਿਵ ਆਇਆ।
ਇੱਕ ਤੀਜੇ ਇਤਿਹਾਸਕ ਕੇਸ ਦੀ ਪਛਾਣ ਹੋਈ ਹੈ ਜੋ 12 ਜੂਨ ਨੂੰ ਭਾਰਤ ਤੋਂ ਆਇਆ ਅਤੇ ਉਹ 12ਵੇਂ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ ਦਿਨੀਂ 28 ਜੂਨ ਨੂੰ ਦੱਖਣੀ ਅਫ਼ਰੀਕਾ ਤੋਂ ਆਏ ਇੱਕ ਕੇਸ ਦੀ ਹੁਣ ਮੁੜ ਪੜਤਾਲ ਕੀਤੀ ਗਈ ਸੀ ਅਤੇ ਕੇਸ ਨੂੰ ਰੋਜ਼ਾਨਾ ਸਰਗਰਮ ਮਾਮਲਿਆਂ ਤੋਂ ਹਟਾ ਦਿੱਤਾ ਗਿਆ ਹੈ।
ਆਸਟਰੇਲੀਆ ਦੇ ਅਨੇਕਾਂ ਸੂਬਿਆਂ ਵਿੱਚ ਡੈਲਟਾ ਵੈਰੀਐਂਟ ਦੇ ਵਧਣ ਨਾਲ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਕੁਆਰੰਟੀਨ ਮੁਕਤ ਯਾਤਰਾ ਰੁਕੀ ਪਈ ਹੈ। ਕੁਈਨਜ਼ਲੈਂਡ ਦੇ ਅਧਿਕਾਰੀਆਂ ਨੇ ਅੱਜ ਤਿੰਨ ਨਵੇਂ ਕਮਿਊਨਿਟੀ ਕੇਸਾਂ ਦਾ ਐਲਾਨ ਕੀਤੀ ਹੈ ਅਤੇ ਬ੍ਰਿਸਬੇਨ ਦੇ ਲੌਕਡਾਉਨ ਨੂੰ ਵਧਾ ਦਿੱਤਾ ਹੈ, ਹਾਲਾਂਕਿ ਸੂਬੇ ਦੇ ਦੂਜੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ।
ਸੋਮਵਾਰ ਤੋਂ ਦੱਖਣੀ ਆਸਟਰੇਲੀਆ, ਤਸਮਾਨੀਆ, ਵਿਕਟੋਰੀਆ ਅਤੇ ਰਾਜਧਾਨੀ ਖੇਤਰ ਦੇ ਨਾਲ ਅਤੇ ਬੁੱਧਵਾਰ ਤੋਂ ਨਿਊ ਸਾਊਥ ਵੇਲਜ਼ ਨਾਲ ਉਡਾਣਾਂ ਮੁੜ ਤੋਂ ਸ਼ੁਰੂ ਹੋਣ ਵਾਲੀਆਂ ਹਨ – ਹਾਲਾਂਕਿ ਸਿਡਨੀ ‘ਚ ਕੱਲ੍ਹ 24 ਨਵੇਂ ਕੇਸ ਦਰਜ ਕੀਤੇ ਗਏ ਹਨ। ਯਾਤਰੀਆਂ ਨੂੰ ਨੈਗੇਟਿਵ ਪ੍ਰੀ-ਡਿਪਾਚਰ ਟੈੱਸਟ ਪੇਸ਼ ਕਰਨ ਦੀ ਜ਼ਰੂਰਤ ਹੋਏਗੀ ਅਤੇ ਹਾਲ ਹੀ ਦੇ ਦਿਨਾਂ ਵਿੱਚ ਬਲਾਕ ਕੀਤੇ ਸੂਬਿਆਂ ਦਾ ਦੌਰਾ ਨਾ ਕੀਤਾ ਹੋਵੇ।
ਨਿਊਜ਼ੀਲੈਂਡ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 27 ਹੈ।