ਵੈਲਿੰਗਟਨ ‘ਚ ਇਮੀਗ੍ਰੇਸ਼ਨ ਬਾਬਤ ਹੋਈ ਬੈਠਕ ਨੂੰ ਪ੍ਰਵਾਸੀ ਭਾਈਚਾਰੇ ਵੱਲੋਂ ਭਰਪੂਰ ਹੁੰਗਾਰਾ

ਵੈਲਿੰਗਟਨ, 6 ਜੁਲਾਈ – 4 ਜੁਲਾਈ ਦਿਨ ਐਤਵਾਰ ਦੀ ਦੁਪਹਿਰ ਨੂੰ ਲੋਅਰ ਹੱਟ ਵੈਲੀ ਰੀਕੋ ਸੈਂਟਰ, ਟਾਇਟਾ ਵਿਖੇ ਨੈਸ਼ਨਲ ਪਾਰਟੀ ਦੇ ਸਾਂਸਦ ਕ੍ਰਿਸ ਬਿਸ਼ਪ, ਏਰੀਕਾ ਸਟੈਂਫੋਰਡ ਅਤੇ ਸਾਬਕਾ ਸਾਂਸਦ ਕੰਵਲਜੀਤ ਸਿੰਘ ਬਖਸ਼ੀ ਵੱਲੋਂ ਸਥਾਨਕ ਪ੍ਰਵਾਸੀ ਭਾਈਚਾਰੇ ਨਾਲ ਇਮੀਗ੍ਰੇਸ਼ਨ ਬਾਬਤ ਮਸਲਿਆਂ ਉੱਤੇ ਖੁੱਲ੍ਹ ਕੇ ਵਿਚਾਰ ਵਟਾਂਦਰੇ ਕੀਤੇ ਗਏ।
ਨੈਸ਼ਨਲ ਪਾਰਟੀ ਦੇ ਸਾਂਸਦ ਏਰੀਕਾ ਸਟੈਂਫੋਰਡ ਅਤੇ ਕ੍ਰਿਸ ਬਿਸ਼ਪ ਨੇ ਗਹੁ ਨਾਲ ਲੋਕਾਂ ਦੀਆ ਮੁਸ਼ਕਲਾਂ ਸੁਣੀਆਂ ਤਾਂ ਜੋ ਉਨ੍ਹਾਂ ਦੇ ਹੱਲ ਲਈ ਸਾਰਥਿਕ ਯਤਨ ਕੀਤੇ ਜਾ ਸਕਣ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਪ੍ਰਵਾਸੀ ਭਾਈਚਾਰੇ ਦੀ ਹਾਜ਼ਰੀ ‘ਚ ਵੈਲਿੰਗਟਨ ਦੀ ਸਿਰਮੌਰ ਪੰਜਾਬੀ ਸੰਸਥਾ ‘ਵੈਲਿੰਗਟਨ ਪੰਜਾਬੀ ਖੇਡ ਅਤੇ ਸਭਿਆਚਾਰਕ ਕਲੱਬ’ ਵੱਲੋਂ ਸਾਂਸਦਾਂ ਨੂੰ ਪਰਵਾਸੀਆਂ ਦੇ ਹੱਕ ਵਿੱਚ ਇੱਕ ਮੰਗ ਪੱਤਰ ਵੀ ਸੌਂਪਿਆਂ ਗਿਆ ਅਤੇ ਢੁਕਵੀਂ ਕਾਰਵਾਈ ਲਈ ਬੇਨਤੀ ਕੀਤੀ ਗਈ। ਕਲੱਬ ਦੇ ਪ੍ਰਬੰਧਕਾਂ ਵੱਲੋਂ ਸਾਬਕਾ ਸਾਂਸਦ ਸ. ਬਖਸ਼ੀ ਦਾ ਜਨਤਕ ਬੈਠਕ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।