ਕੋਵਿਡ -19: ਭਾਰਤ ‘ਚ ਪਹਿਲੀ ਵਾਰ ਰਿਕਾਰਡ 4 ਲੱਖ 12 ਹਜ਼ਾਰ ਤੋਂ ਵੱਧ ਨਵੇਂ ਕੇਸ, ਕੋਰੋਨਾ ਨਾਲ 3980 ਲੋਕਾਂ ਦੀ ਮੌਤਾਂ

ਨਵੀਂ ਦਿੱਲੀ, 6 ਮਈ – ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ ਤੋਂ ਵੱਧ ਕੇਸਾਂ ਦੇ ਮਾਮਲੇ ‘ਚ ਅਮਰੀਕਾ ਪਹਿਲੇ ਨੰਬਰ ਉੱਤੇ ਹੈ ਜਦੋਂ ਕਿ ਉਸ ਤੋਂ ਬਾਅਦ ਭਾਰਤ ਦੂਜੇ ਅਤੇ ਬ੍ਰਾਜ਼ੀਲ ਤੀਜੇ ਨੰਬਰ ਉੱਤੇ ਹੈ।
ਦੇਸ਼ ਭਰ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਹਾਲਾਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਕੋਰੋਨਾ ਨਾਲ ਪਿਛਲੇ 24 ਘੰਟਿਆਂ ਦੌਰਾਨ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ ਦੇਸ਼ ‘ਚ ਕੋਰੋਨਾ ਦੇ 4.12 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ ਅਤੇ ਕੋਰੋਨਾ ਨਾਲ ਦੇਸ਼ ਵਿੱਚ 3980 ਮੌਤਾਂ ਹੋਈਆਂ ਹਨ। ਕੋਰੋਨਾ ਦੇ ਇੱਕੋ ਦਿਨ ‘ਚ 4,12,784 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੇਸਾਂ ਦੀ ਗਿਣਤੀ ਵਧ ਕੇ 21,070,852 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 3,980 ਹੋਰ ਮੌਤਾਂ ਹੋਣ ਨਾਲ ਕੋਰੋਨਾਵਾਇਰਸ ਕਾਰਣ ਮ੍ਰਿਤਕਾਂ ਦਾ ਅੰਕੜਾ ਵਧ ਕੇ 2,30,151 ਹੋ ਗਿਆ ਹੈ। ਅੰਕੜਿਆਂ ਮੁਤਾਬਿਕ ਦੇਸ਼ ‘ਚ ਹੁਣ ਤੱਕ 17,269,076 ਮਰੀਜ਼ ਇਸ ਤੋਂ ਰਿਕਵਰ ਹੋ ਚੁੱਕੇ ਹਨ।