ਕੋਵਿਡ -19: ਭਾਰਤ ‘ਚ 14 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ 2 ਲੱਖ ਤੋਂ ਘੱਟ ਨਵੇਂ ਕੇਸ

ਨਵੀਂ ਦਿੱਲੀ, 25 ਮਈ – ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ ਤੋਂ ਵੱਧ ਕੇਸਾਂ ਦੇ ਮਾਮਲੇ ‘ਚ ਅਮਰੀਕਾ ਪਹਿਲੇ ਨੰਬਰ ਉੱਤੇ ਹੈ ਜਦੋਂ ਕਿ ਉਸ ਤੋਂ ਬਾਅਦ ਭਾਰਤ ਦੂਜੇ ਅਤੇ ਬ੍ਰਾਜ਼ੀਲ ਤੀਜੇ ਨੰਬਰ ਉੱਤੇ ਹੈ। ਜਦੋਂ ਕਿ ਮੌਤਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ਉੱਤੇ ਆ ਗਿਆ ਹੈ ਅਤੇ ਦੇਸ਼ ਵਿੱਚ ਮੌਤਾਂ ਦੀ ਗਿਣਤੀ 3 ਲੱਖ ਤੋਂ ਪਾਰ ਹੋ ਗਈ ਹੈ।
ਦੇਸ਼ ਭਰ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਹਾਲਾਤ ਖ਼ਰਾਬ ਚੱਲ ਰਹੇ ਹਨ। ਪਰ ਹੁਣ ਕੋਰੋਨਾ ਨਾਲ ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ 14 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਕੋਰੋਨਾ ਦੇ 2 ਲੱਖ ਤੋਂ ਘੱਟ ਕੇਸ ਸਾਹਮਣੇ ਆਏ ਹਨ ਅਤੇ ਹੁਣ ਕੋਰੋਨਾ ਦੇ ਇੱਕੋ ਦਿਨ ‘ਚ 1,96,427 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੇਸਾਂ ਦੀ ਗਿਣਤੀ ਵਧ ਕੇ 26,948,874 ਹੋ ਗਈ ਹੈ। ਜਦੋਂ ਕਿ ਕੋਰੋਨਾ ਨਾਲ ਦੇਸ਼ ਵਿੱਚ 3 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 3,511 ਹੋਰ ਮੌਤਾਂ ਹੋਣ ਨਾਲ ਕੋਰੋਨਾਵਾਇਰਸ ਕਾਰਣ ਮ੍ਰਿਤਕਾਂ ਦਾ ਅੰਕੜਾ ਵਧ ਕੇ 307,249 ਹੋ ਗਿਆ ਹੈ। ਅੰਕੜਿਆਂ ਮੁਤਾਬਿਕ ਦੇਸ਼ ‘ਚ ਹੁਣ ਤੱਕ 24,054,861 ਮਰੀਜ਼ ਇਸ ਤੋਂ ਰਿਕਵਰ ਹੋ ਚੁੱਕੇ ਹਨ।