ਕ੍ਰਿਕਟ: ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਤੀਜਾ ਤੇ ਆਖਰੀ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ, ਮੇਜ਼ਬਾਨ ਨਿਊਜ਼ੀਲੈਂਡ ਨੇ ਲੜੀ 1-0 ਨਾਲ ਜਿੱਤੀ

ਕ੍ਰਾਈਸਟਚਰਚ, 30 ਨਵੰਬਰ – ਇਥੇ ਮੀਂਹ ਕਾਰਨ ਮੇਜ਼ਬਾਨ ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਤੀਜਾ ਤੇ ਆਖਰੀ ਇਕ ਦਿਨਾਂ ਮੈਚ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਇਹ ਲੜੀ 1-0 ਨਾਲ ਜਿੱਤ ਗਈ। ਮੀਂਹ ਕਾਰਨ ਮੈਚ ਰੁਕਣ ਵੇਲੇ ਮੇਜ਼ਬਾਨ ਟੀਮ ਨੇ ਜਿੱਤ ਲਈ ਲੋੜੀਂਦੀਆਂ 220 ਦੌੜਾਂ ਦਾ ਪਿੱਛਾ ਕਰਦਿਆਂ 1 ਵਿਕਟ ’ਤੇ 104 ਦੌੜਾਂ ਬਣਾਈਆਂ ਹਨ।
ਇਸ ਤੋਂ ਪਹਿਲਾਂ ਭਾਰਤੀ ਟੀਮ 47.3 ਓਵਰਾਂ ਵਿੱਚ 219 ਦੌੜਾਂ ‘ਤੇ ਢੇਰ ਹੋ ਗਈ। ਭਾਰਤੀ ਟੀਮ ਲਈ ਵਾਸ਼ਿੰਗਟਨ ਸੁੰਦਰ ਨੇ 51 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 49 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਲਈ ਐਡਮ ਮਿਲਨੇ ਅਤੇ ਡੇਰਿਲ ਮਿਸ਼ੇਲ ਨੇ 3-3 ਵਿਕਟਾਂ ਲਈਆਂ, ਜਦਕਿ ਟਿਮ ਸਾਊਥੀ ਨੇ 2 ਵਿਕਟਾਂ ਹਾਸਲ ਕੀਤੀਆਂ।