ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਸਜਾਇਆ ਗਿਆ ਵਿਸਾਖੀ ਨਗਰ ਕੀਰਤਨ

ਸਰੀ, 17 ਅਪ੍ਰੈਲ (ਹਰਦਮ ਮਾਨ) – ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਵਿਸਾਖੀ ਦੇ ਮੌਕੇ ਤੇ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ। ਸਾਰਾ ਦਿਨ ਪੈ ਰਹੇ ਮੀਂਹ ਦੇ ਬਾਵਜੂਦ ਨਗਰ ਕੀਰਤਨ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ।
ਗੁਰਦੁਆਰਾ ਸਾਹਿਬ ਵਿਖੇ ਭੋਗ ਉਪਰੰਤ ਵੱਖ ਵੱਖ ਰਾਜਸੀ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਨਗਰ ਕੀਰਤਨ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਵਿਚ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ, ਕੈਬਨਿਟ ਮੰਤਰੀ ਹੈਰੀ ਬੈਂਸ ਤੇ ਰਚਨਾ ਸਿੰਘ, ਐਮਐਲ ਏ ਅਮਨਦੀਪ ਸਿੰਘ, ਐਮ ਐਲ ਏ ਬਰੂਸ ਬੈਨਮੈਨ, ਸਕੂਲ ਟਰੱਸਟੀ ਗੈਰੀ ਥਿੰਦ, ਵਿਰੋਧੀ ਧਿਰ ਦੇ ਆਗੂ ਕੇਵਨ ਫਾਲਕਨ, ਕੈਲਗਰੀ ਤੋਂ ਐਮ ਪੀ ਤੇ ਕੰਸਰਵੇਟਿਵ ਪਾਰਟੀ ਦੇ ਸ਼ੈਡੋ ਮਨਿਸਟਰ ਜਸਰਾਜ ਸਿੰਘ ਹੱਲਣ ਅਤੇ ਐਮ ਪੀ ਕੈਰੀ ਲਿਨ ਸ਼ਾਮਲ ਸਨ। ਸੰਗਤਾਂ ਵੱਲੋਂ ਥਾਂ ਥਾਂ ਵੱਖ ਵੱਖ ਪਕਵਾਨਾਂ ਦੇ ਸਟਾਲ ਲਾਏ ਗਏ ਸਨ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਰਾਜਸੀ ਆਗੂਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ।