ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ 1 ਸਾਲ ਦੀ ਸਜ਼ਾ

ਮੋਹਾਲੀ – 5 ਮਈ ਨੂੰ ਪੰਜਾਬ ਸਰਕਾਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੋਹਾਲੀ ਦੀ ਇਕ ਅਦਾਲਤ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇਂਦਿਆਂ 1 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਗੌਰਤਲਬ ਹੈ ਕਿ ਉਨ੍ਹਾਂ ਨੂੰ ਤੁਰਤ ਜ਼ਮਾਨਤ ਵੀ ਮਿਲ ਗਈ। ਹਾਲੇ ਪਿਛਲੇ ਹੀ ਮਹੀਨੇ ਪੰਜਾਬ ਦੀ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਅਪਣੀ ਧੀ ਦੇ ਕਤਲ, ਜਬਰੀ ਗਰਭਪਾਤ ਕਰਵਾਉਣ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਮਾਮਲੇ ਵਿੱਚ ੫ ਸਾਲ ਦੀ ਸਜ਼ਾ ਹੋਈ ਸੀ। ਜ਼ਿਕਰਯੋਗ ਹੈ ਕਿ 2002 ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਵਿਜੀਲੈਂਸ ਬਿਊਰੋ ਨੇ ਤੋਤਾ ਸਿੰਘ ਵਿਰੁਧ ਆਮਦਨ ਤੋਂ ਜ਼ਿਆਦਾ ਸੰਪਤੀ ਅਤੇ ਸਰਕਾਰੀ ਵਾਹਨ ਦੀ ਦੁਰਵਰਤੋਂ ਦਾ ਮਾਮਲਾ ਦਰਜ ਕੀਤਾ ਸੀ। ਤੋਤਾ ਸਿੰਘ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ 17 ਕਰੋੜ ਰੁਪਏ ਤੋਂ ਜ਼ਿਆਦਾ ਸੰਪਤੀ ਬਣਾਈ ਹੈ ਜਿਸ ਵਿੱਚ ਖੇਤੀਬਾੜੀ ਜ਼ਮੀਨ, ਰਾਈਸ ਸ਼ੈਲਰ, ਗੋਦਾਮ, ਬੇਨਾਮੀ ਜਾਇਦਾਦ ਵਿੱਚ ਹਿੱਸੇਦਾਰੀ ਅਤੇ 25 ਨਿਜੀ ਬਸਾਂ ਸ਼ਾਮਲ ਹਨ। ਤੋਤਾ ਸਿੰਘ ਉਪਰ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਆਈ.ਪੀ.ਸੀ. ਦੀ ਧਾਰਾ 420, 467, 468 ਅਤੇ 471 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।