ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ – ਦਮਦਮੀ ਟਕਸਾਲ ਟਰੇਸੀ ਦੇ ਨਗਰ ਕੀਰਤਨ ਦੌਰਾਨ ਹਜਾਂਰਾਂ ਸੰਗਤਾਂ ਨੇ ਸਮੂਲੀਅਤ ਕੀਤੀ

ਸੈਕਰਾਮੈਂਟੋ ਕੈਲੀਫੋਰਨੀਆ, 15 ਅਪ੍ਰੈਲ ( ਹੁਸਨ ਲੜੋਆ ਬੰਗਾ) – ਅਮਰੀਕਾ’ਚ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ -ਟਰੇਸੀ – ਕੈਲੀਫ਼ੋਰਨੀਆ ਵਿਖੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਹਜਾਰਾਂ ਸੰਗਤਾਂ ਦਾ ਗੁਰੂ ਘਰ ਤੇ ਨਗਰ ਕੀਰਤਨ ਚ ਹਾਜਰੀ ਭਰੀ । ਦੋ ਹਫ਼ਤੇ ਦੇ ਸਾਲਾਨਾ ਗੁਰਮਤਿ ਸਮਾਗਮ ਵਿੱਚ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾਂ ਸ਼ਾਮਿਲ ਹੋਈਆ ਜਿਨ੍ਹਾਂ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ , ਪੰਥ ਦੇ ਸ਼ਿਰੋਮਣੀ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ , ਸਿੱਖ ਸਕਾਲਰ ਪੰਥ ਦੇ ਸਿਰਮੌਰ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ , ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਵਾਲੇ , ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਭਾਈ ਲਖਵਿੰਦਰ ਸਿੰਘ ਜੀ ਸੋਹਲ ਦਾ ਢਾਡੀ ਜਥਾ , ਭਾਈ ਸਿਰੀਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਭਾਈ ਬਲਜਿੰਦਰ ਸਿੰਘ ਦਮਦਮੀ ਟਕਸਾਲ , ਗਿਆਨੀ ਦਿਲਬਾਗ ਸਿੰਘ ਜੀ ਦਮਦਮੀ ਟਕਸਾਲ , ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਨੇ ਗੁਰੂਜਸ ਸਰਵਣ ਕਰਵਾਇਆ । ਇਸ ਦੌਰਾਨ ਅੰਮ੍ਰਿਤ ਸੰਚਾਰ ਹੋਏ ਜਿਸ ਵਿੱਚ ਬੇਅੰਤ ਸੰਗਤਾਂ ਨੇ ਅੰਮ੍ਰਿਤ ਛੱਕ ਕੇ ਆਪਣੇ ਜੀਵਨ ਨੂੰ ਸਫਲਾ ਕੀਤੀ । ਇਸੇ ਦਿਨ ਹੀ ਸਪੋਰਟਸ ਡੇਅ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਹਜਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ । ਛੋਟੇ ਬੱਚਿਆ , ਬੀਬੀਆ ਅਤੇ ਬਜ਼ੁਰਗਾਂ ਦੀਆ ਦੌੜਾਂ ਤੋਂ ਇਲਾਵਾ ਰੱਸਾ ਕਸ਼ੀ , ਵਾਲੀਬਾਲ ਅਤੇ ਹੋਰ ਰਵਾਇਤੀ ਖੇਡਾਂ ਸਮੇਤ ਸਮਾਪਤੀ ਸਮੇਂ ਗੱਤਕੇ ਦੇ ਜੌਹਰ ਵਿਖਾਏ ਗਏ । ਘੋੜਸਵਾਰਾਂ ਨੇ ਵੀ ਕਰਤਬ ਦਿਖਾਏ । ਨਗਰ ਕੀਰਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤਿਅੰਤ ਸੁੰਦਰ ਨਵੀਂ ਪਾਲਕੀ ਰੂਪ ਫ਼ਲੋਟ ਉੱਪਰ ਸ਼ੁਸ਼ੋਭਿਤ ਸਨ। ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਵੱਖ ਵੱਖ ਲੰਗਰ ਸਟਾਲ ਪਰਿਵਾਰਾਂ ਵਲੋਂ ਸੰਗਤ ਦੀ ਸੇਵਾ ਵਾਸਤੇ ਲਾਏ ਗਏ । ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਬਾਬਾ ਧਰਮ ਸਿੰਘ ਜੀ ਨੇ ਵਿਦਵਾਨਾਂ ਨੂੰ ਸਨਮਾਨਿਤ ਕੀਤਾ । ਗੁਰੂਘਰ ਦੇ ਸੈਕਟਰੀ ਭਾਈ ਦੀਪ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਬਿਲਡਿੰਗ ਦੀ ਜਾਣਕਾਰੀ ਸੰਮੂਹ ਸੰਗਤ ਨਾਲ ਸਾਂਝੀ ਕੀਤੀ ਅਤੇ ਸੰਮੂਹ ਸੰਗਤ , ਕੀਰਤਨੀਆ , ਵਿਦਵਾਨਾਂ ਅਤੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸਭ ਸੇਵਾਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸੰਗਤਾਂ ਦੀ ਸੇਵਾ ਲਈ ਬਹੁਤ ਹੀ ਸੁਚੱਜੇ ਪ੍ਰਬੰਧ ਕੀਤੇ ਗਏ ਸਨ ।