ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ 14 ਮਾਰਚ ਨੂੰ ਗਾਇਕ ਸਰਦੂਲ ਸਿਕੰਦਰ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ

ਟੌਰੰਗਾ, 2 ਮਾਰਚ – ਗੁਰਦੁਆਰਾ ਸਿੱਖ ਸੰਗਤ ਟੌਰੰਗਾ ਵਿਖੇ ਪੰਜਾਬੀ ਗਾਇਕ ਤੇ ਅਦਾਕਾਰ ਸਰਦੂਲ ਸਿਕੰਦਰ (60) ਦੀ ਯਾਦ ‘ਚ 14 ਮਾਰਚ ਦਿਨ ਐਤਵਾਰ ਨੂੰ ਸ਼ਾਮੀ 6.00 ਵਜੇ ਤੋਂ ਰਾਤੀ 8.30 ਤੱਕ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪਾਠ ਸੁਖਮਣੀ ਸਾਹਿਬ ਦੇ ਪਾਠ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ, ਉਸ ਤੋਂ ਬਾਅਦ 7.15 ਤੋਂ 8.30 ਤੱਕ ਕੀਰਤਨ ਦੀਵਾਨ ਹੋਏਗਾ, ਉਪਰੰਤ ਅਰਦਾਸ ਅਤੇ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।
ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮਿੱਠੀ ਯਾਦ ‘ਚ ਸ਼ਰਧਾਂਜਲੀ ਸਮਾਗਮ ਗੀਤਕਾਰ ਮਲਕੀਤ ਸਿੰਘ (ਮੀਕਾ ਨਿਊਜ਼ੀਲੈਂਡ, ਵਾਹੀ), ਸਥਾਨਕ ਪੰਜਾਬੀ ਗੀਤਕਾਰ ਤੇ ਗਾਇਕ ਚਰਨਜੀਤ ਸਿੰਘ ਚੰਨੀ ਵੱਲੋਂ ਨੌਜਵਾਨਾਂ ਅਤੇ ਗਾਇਕ ਸਰਦੂਲ ਸਿਕੰਦਰ ਦੇ ਚਾਹੁਣ ਵਾਲਿਆਂ ਸਟ ਸਹਿਯੋਗ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈ। ਵਾਹੀ ਤੋਂ ਗੀਤਕਾਰ ਮੀਕਾ ਹੁਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਇਕ ਮਰਹੂਮ ਸਰਦੂਲ ਸਿਕੰਦਰ ਦੀ ਗਾਇਕੀ ਕਮਲਾ ਦੀ ਸੀ ਅਤੇ ਹੁਣ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅਰਦਾਸ ਸਮਾਗਮ ਰੱਖਿਆ ਹੈ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਗਾਇਕ ਪ੍ਰਤੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰੋ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਵੋ।
ਜ਼ਿਕਰਯੋਗ ਹੈ ਕਿ ਬੀਤੇ 24 ਫਰਵਰੀ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ ਸੀ। ਉਹ ਕਰੀਬ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।