ਜੂਨੀਅਰ ਹਾਕੀ ਵਰਲਡ ਕੱਪ: ਫਰਾਂਸ ਤੋਂ 3-1 ਨਾਲ ਹਾਰ ਕੇ ਭਾਰਤ ਕਾਂਸੇ ਦੇ ਤਗਮੇ ਤੋਂ ਖੁੰਝਿਆ

ਭੁਬਨੇਸ਼ਵਰ, 5 ਦਸੰਬਰ – ਇੱਥੇ ਜੂਨੀਅਰ ਹਾਕੀ ਵਰਲਡ ਕੱਪ ਦੇ ਤੀਸਰੇ ਤੇ ਚੌਥੇ ਸਥਾਨ ਦੇ ਹੋਏ ਮੁਕਾਬਲੇ ਵਿੱਚ ਮੇਜ਼ਬਾਨ ਭਾਰਤੀ ਟੀਮ ਫਰਾਂਸ ਹੱਥੋਂ ਹਾਰਨ ਤੋਂ ਬਾਅਦ ਕਾਂਸੇ ਦੇ ਤਗਮੇ ਨੂੰ ਹਾਸਲ ਕਰਨ ਤੋਂ ਵੀ ਖੁੰਝ ਗਈ। ਫਰਾਂਸ ਨੇ ਭਾਰਤ ਨੂੰ 3-1 ਨਾਲ ਹਰਾ ਦਿੱਤਾ।
ਫਰਾਂਸ ਦੇ ਕਪਤਾਨ ਟਿਮੋਥੀ ਕਲੇਮੈਂਟ ਨੇ ਟੀਮ ਲਈ ਤਿੰਨੋਂ ਗੋਲ ਕੀਤੇ ਤੇ ਫਰਾਂਸ ਨੇ ਕਾਂਸੇ ਦੇ ਤਗਮੇ ਉੱਤੇ ਕਬਜ਼ਾ ਕੀਤਾ। ਉਸ ਨੇ 26ਵੇਂ, 34ਵੇਂ ਅਤੇ 47ਵੇਂ ਮਿੰਟ ਵਿੱਚ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿੱਚ ਬਦਲ ਦਿੱਤਾ ਤੇ ਟੀਮ ਨੂੰ ਜਿੱਤ ਦੁਆਈ। ਭਾਰਤ ਵੱਲੋਂ ਇਕਲੌਤਾ ਗੋਲ ਸੁਦੀਪ ਚਿਰਮਾਕੋ ਨੇ 42ਵੇਂ ਮਿੰਟ ਵਿੱਚ ਕੀਤਾ। ਫਰਾਂਸ ਤੋਂ ਹਾਰ ਕੇ ਭਾਰਤੀ ਟੀਮ ਜੂਨੀਅਰ ਵਰਲਡ ਕੱਪ ਵਿੱਚ ਚੌਥੇ ਨੰਬਰ ਉੱਤੇ ਰਹੀ।