ਜੈਤੇਗ ਸਿੰਘ ਅਨੰਤ ਦੀ ‘ਰਾਮਗੜ੍ਹੀਆ ਵਿਰਾਸਤ’ ਕਾਫ਼ੀ ਟੇਬਲ ਪੁਸਤਕ ਲੋਕ ਅਰਪਣ

ਡਾ. ਅਰਵਿੰਦ ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਰਾਮਗੜ੍ਹੀਆ ਵਿਰਾਸਤ ਪੁਸਤਕ ਲੋਕ ਅਰਪਣ ਕਰਦੇ ਹੋਏ। ਉਨ੍ਹਾਂ ਨਾਲ ਡਾ. ਬਲਕਾਰ ਸਿੰਘ, ਉਜਾਗਰ ਸਿੰਘ ਅਤੇ ਜੋਤਿੰਦਰ ਸਿੰਘ ਖੜ੍ਹੇ ਹਨ
ਜਾਰੀ ਕਰਤਾ- ਉਜਾਗਰ ਸਿੰਘ

ਪਟਿਆਲਾ, 20 ਅਗਸਤ – ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ‘ਤੇ ਮਾਣ ਕਰਦਿਆਂ ਇਸ ਉੱਪਰ ਬਚਨਵੱਧਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅੱਜ ਯੂਨੀਵਰਸਿਟੀ ਵਿੱਚ ‘ਰਾਮਗੜ੍ਹੀਆ ਵਿਰਾਸਤ’ ਕਾਫ਼ੀ ਟੇਬਲ ਬੁੱਕ ਨੂੰ ਲੋਕ ਅਰਪਣ ਕਰਨ ਸਮੇਂ ਬੋਲਦਿਆਂ ਕੀਤਾ। ਉਨ੍ਹਾਂ ਜੈਤੇਗ ਸਿੰਘ ਅਨੰਤ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਅੱਗੋਂ ਕਿਹਾ ਕਿ ਜੇਕਰ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਤਾਂ ਹੀ ਸਾਡਾ ਭਵਿੱਖ ਸੁਨਹਿਰਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਸਤਕ ਸਭਿਆਚਾਰ ਕਿਸੇ ਵੀ ਕੌਮ ਦੇ ਭਵਿੱਖ ਦਾ ਗਵਾਹ ਹੁੰਦਾ ਹੈ। ਜਿਸ ਕੌਮ ਦੇ ਲੋਕਾਂ ਵਿੱਚ ਆਪਣੀ ਮਾਤ ਭਾਸ਼ਾ ਨਾਲ ਪਿਆਰ, ਸਾਹਿਤ ਤੇ ਇਤਿਹਾਸ ਪੜ੍ਹਨ ਦੀ ਰੁਚੀ ਅਤੇ ਸਤਿਕਾਰ ਹੋਵੇਗਾ, ਉਹ ਕੌਮ ਹਮੇਸ਼ਾ ਬੁਲੰਦੀਆਂ ‘ਤੇ ਪਹੁੰਚੇਗੀ। ਉਨ੍ਹਾਂ ਅੱਗੋਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਜਾਇਦਾਦਾਂ ਸਨ, ਉਹ ਲੜਦੇ ਰਹੇ ਪਰੰਤੂ ਰਾਮਗੜ੍ਹੀਆ ਭਾਈਚਾਰੇ ਕੋਲ ਕੋਈ ਸੰਪਤੀ ਨਹੀਂ ਸੀ। ਉਨ੍ਹਾਂ ਆਪਣੀ ਲਿਆਕਤ ਅਤੇ ਮਿਹਨਤ ਨਾਲ ਸਿੱਖ ਸਮਾਜ ਵਿੱਚ ਆਪਣਾ ਵਿਲੱਖਣ ਸਥਾਨ ਬਣਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦਾ ਸੰਦੇਸ਼ ਅਜੇ ਵੀ ਲੋਕਾਈ ਤੱਕ ਪਹੁੰਚਾਉਣ ਦੀ ਲੋੜ ਹੈ ਕਿਉਂਕਿ ਜਾਤ-ਪਾਤ ਦੇ ਵਿਰੁੱਧ ਉਨ੍ਹਾਂ ਆਵਾਜ਼ ਉਠਾਈ ਪਰੰਤੂ ਅਜੇ ਤੱਕ ਜਾਤ-ਪਾਤ ਬਰਕਰਾਰ ਹੈ।
ਇਸ ਮੌਕੇ ‘ਤੇ ਡਾ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀ ਪੁਸਤਕ ‘ਰਾਮਗੜ੍ਹੀਆ ਵਿਰਾਸਤ’ ਵੱਡ ਆਕਾਰੀ, ਸਚਿਤਰ ਕਾਫ਼ੀ ਟੇਬਲ ਪੁਸਤਕ ਲੋਕ ਅਰਪਣ ਕੀਤੀ। ਰਾਮਗੜ੍ਹੀਆ ਵਿਰਾਸਤ ਅਜਿਹੀ ਪਹਿਲੀ ਪੁਸਤਕ ਹੈ, ਜੋ ਰਾਮਗੜ੍ਹੀਆਂ ਦੇ ਵਿਰਸੇ ਤੇ ਵਿਰਾਸਤ ਦੀ ਪੂਰਨ ਤਰਜਮਾਨੀ ਕਰਦੀ ਹੈ। ਇਸ ਪੁਸਤਕ ਵਿੱਚ 450 ਰੰਗਦਾਰ ਤਸਵੀਰਾਂ ਤੇ ਸੰਸਾਰ ਦੇ 1000 ਤੋਂ ਵੱਧ ਪ੍ਰਮੁੱਖ ਰਾਮਗੜ੍ਹੀਆਂ ਹਸਤੀਆਂ ਬਾਰੇ ਭਰਪੂਰ ਜਾਣਕਾਰੀ ਸ਼ਾਮਲ ਹੈ। ਰਾਮਗੜ੍ਹੀਆ ਵਿਰਾਸਤ ਦੀ ਸੰਪਾਦਨਾ ਪਰਵਾਸੀ ਪੰਜਾਬੀ ਜੈਤੇਗ ਸਿੰਘ ਅਨੰਤ ਨੇ ਕੀਤੀ ਹੈ। ਜੈਤੇਗ ਸਿੰਘ ਅਨੰਤ ਪੰਜਾਬੀ ਦੇ ਨਾਮਵਰ, ਸਿਰਮੌਰ ਚਿੰਤਕ, ਖ਼ੋਜੀ ਅਤੇ ਸਿੱਖ ਬੁੱਧੀਜੀਵੀ ਹਨ, ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਡੇਢ ਦਰਜਨ ਪੁਸਤਕਾਂ ਪਾ ਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਨਾਸਾਜ਼ ਸਿਹਤ ਦੇ ਬਾਵਜੂਦ ਉਹ ਲਗਾਤਾਰ ਪੰਜਾਬੀ ਸਾਹਿਤ ਅਤੇ ਇਤਿਹਾਸ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਅਜਿਹੇ ਅਣਗੌਲੇ ਸਿੱਖ ਵਿਦਵਾਨਾਂ, ਜਿਨ੍ਹਾਂ ਨੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਪ੍ਰਫੁੱਲਤਾ ਅਤੇ ਬਿਹਤਰੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਬਾਰੇ ਪੁਸਤਕਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ। ਉਨ੍ਹਾਂ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ ਸਿੰਘ ਅਤੇ ਉਸਤਾਦ ਦਾਮਨ ਆਦਿ ਵਰਨਣਯੋਗ ਹਨ। ਉਨ੍ਹਾਂ ਗੱਦਰ ਲਹਿਰ ਬਾਰੇ ਗ਼ਦਰੀ ਯੋਧੇ ਅਤੇ ਗੱਦਰ ਲਹਿਰ ਦੀ ਕਹਾਣੀ ਦੋ ਪੁਸਤਕਾਂ ਰਾਹੀਂ ਗ਼ਦਰੀ ਬਾਬਿਆਂ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਬਿਹਤਰੀਨ ਯੋਗਦਾਨ ਬਾਰੇ ਪਾਠਕਾਂ ਨੂੰ ਜਾਣਕਾਰੀ ਦਿੱਤੀ ਹੈ। ਜੈਤੇਗ ਸਿੰਘ ਅਨੰਤ ਨੇ ਇਕ ਸੰਸਥਾ ਜਿਤਨਾ ਕੰਮ ਕਰਕੇ ਪੰਜਾਬੀ ਅਤੇ ਖ਼ਾਸ ਤੌਰ ‘ਤੇ ਸਿੱਖ ਇਤਿਹਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।
ਡਾ. ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਸਿੱਖ ਮਿਸਲਾਂ ਦਾ ਪੰਜਾਬੀਆਂ ਨੂੰ ਸੰਗਠਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਹੈ। ਸਿੱਖ ਸਭਿਆਚਾਰ ਨੂੰ ਸਮਝਦੇ ਹੋਏ ਪੰਜਾਬੀਆਂ ਨੂੰ ਰਾਮਗੜ੍ਹੀਆਂ ਦੀ ਅਮੀਰ ਵਿਰਾਸਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਸਿੱਖੀ ਰੰਗ ਵਿੱਚ ਰੰਗਿਆ ਹੋਇਆ ਸੀ, ਜਿਸ ਕਰਕੇ ਉਨ੍ਹਾਂ ਦੀ ਜੱਦੋਜਹਿਦ ਸਫਲ ਹੋਈ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਸਚਿਤਰ ਕਾਫ਼ੀ ਟੇਬਲ ਪੁਸਤਕ ਹੈ। ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰੋ. ਬਲਵਿੰਦਰ ਕੌਰ ਮੁੱਖੀ ਰਿਜਨਲ ਸੈਂਟਰ ਬਠਿੰਡਾ, ਡੀ ਐੱਸ ਕਪੂਰ ਸਾਬਕਾ ਪ੍ਰਿੰਸੀਪਲ ਗੌਰਮਿੰਟ ਕਾਲਜ ਆਫ਼ ਆਰਟਸ ਚੰਡੀਗੜ੍ਹ ਅਤੇ ਮਲਕਿੰਦਰ ਕੌਰ ਮੁੱਖੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਦਲੀਪ ਸਿੰਘ ਉੱਪਲ ਨੇ ਕਵਿਤਾ ਸੁਣਾਈ।
ਆਪਣੇ ਸਵਾਗਤੀ ਭਾਸ਼ਣ ਵਿੱਚ ਉਜਾਗਰ ਸਿੰਘ ਕੋਆਰਡੀਨੇਟਰ ਇੰਡੀਆ ਚੈਪਟਰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਡਾ. ਅਰਵਿੰਦ ਉਪਕੁਲਪਤੀ ਨੂੰ ਜੀਅ ਆਇਆਂ ਕਿਹਾ ਅਤੇ ਪੁਸਤਕ ਲੋਕ ਅਰਪਣ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਤੇ ਸੁਰਿੰਦਰ ਸਿੰਘ ਜੱਬਲ ਪ੍ਰਧਾਨ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਕੈਨੇਡਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਡਾ. ਬਲਕਾਰ ਸਿੰਘ ਡਾਇਰੈਕਟਰ ਵਰਲਡ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਦੀ ਫੈਕਲਿਟੀ ਅਤੇ ਸਮਾਗਮ ਵਿੱਚ ਆਏ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਉਨ੍ਹਾਂ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਵੱਲੋਂ ਐਲਾਨ ਕੀਤਾ ਕਿ ਜਿਹੜੇ ਵਿਦਿਆਰਥੀ ਜੱਸਾ ਸਿੰਘ ਰਾਮਗੜ੍ਹੀਆ ‘ਤੇ ਪੀਐੱਚਡੀ ਕਰਨਗੇ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਐਵਾਰਡ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵਿਦਿਆਰਥੀ ਦੇ ਗਾਈਡ ਨੂੰ 25 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨ ਟਰੱਸਟ ਕੈਨੇਡਾ ਦੇ ਪ੍ਰਤੀਨਿਧ ਜੋਤਿੰਦਰ ਸਿੰਘ ਨੇ ਡਾ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ, ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਉਪਕੁਲਪਤੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਡੀ ਐੱਸ ਕਪੂਰ ਸਾਬਕਾ ਪ੍ਰਿੰ. ਗੌਰਮਿੰਟ ਕਾਲਜ ਆਫ਼ ਆਰਟਸ ਚੰਡੀਗੜ੍ਹ ਨੂੰ ਸਨਮਾਨਿਤ ਕੀਤਾ ਗਿਆ। ਰਛਪਾਲ ਸਿੰਘ ਗਿੱਲ ਸੇਵਾ ਮੁਕਤ ਡਾਇਰੈਕਟਰ ਭਾਸ਼ਾ ਵਿਭਾਗ, ਜਸਬੀਰ ਕੌਰ ਪ੍ਰਿੰਸੀਪਲ ਗੁਰਮਤ ਕਾਲਜ, ਡਾ. ਕੇਹਰ ਸਿੰਘ, ਪ੍ਰੋ ਮਨਜੀਤ ਸਿੰਘ, ਡਾ. ਗੁਰਮੀਤ ਸਿੰਘ, ਡਾ. ਅਨਵਰ ਚਿਰਾਗ, ਦਰਸ਼ਨ ਸਿੰਘ ਆਸ਼ਟ, ਰਾਜਵੰਤ ਕੌਰ ਪੰਜਾਬੀ, ਪ੍ਰੋ ਗੁਰਮੁੱਖ ਸਿੰਘ ਆਦਿ ਵੀ ਮੌਜੂਦ ਸਨ।
ਜਾਰੀ ਕਰਤਾ- ਉਜਾਗਰ ਸਿੰਘ