ਜੰਤਰ-ਮੰਤਰ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਜੁੜੀ ਕਿਸਾਨ ਸੰਸਦ

ਨਵੀਂ ਦਿੱਲੀ, 23 ਜੁਲਾਈ – 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਜੰਤਰ-ਮੰਤਰ ‘ਤੇ ਕਿਸਾਨ ਸੰਸਦ ਚਲਾ ਕੇ ਕੇਂਦਰ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਦਿੱਲੀ ਦੇ ਬਾਰਡਰਾਂ ਤੋਂ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸੰਸਦ ਦੇ ਐਨ ਨਜ਼ਦੀਕ ਜੰਤਰ-ਮੰਤਰ ‘ਤੇ ਕਿਸਾਨ ਸੰਸਦ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਦੇ ਕਾਨੂੰਨਾਂ ਬਾਰੇ ਖੋਖਲੇ ਦਾਅਵਿਆਂ ਨੂੰ ਨਕਾਰਿਆ। ਕਿਸਾਨ ਸੰਸਦ ਵਿੱਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਏਪੀਐੱਮਸੀ (ਮੰਡੀਆਂ) ਸਬੰਧੀ ਐਕਟ ਬਾਰੇ ਵਿਚਾਰ ਵਟਾਂਦਰੇ ਦੌਰਾਨ ਕਈ ਨੁਕਤੇ ਉਠਾਏ ਅਤੇ ਕਿਹਾ ਕਿ ਇਹ ਗ਼ੈਰ ਲੋਕਤੰਤਰੀ ਹੈ। ਕਿਸਾਨਾਂ ਨੇ ਇਸ ਕਾਲੇ ਕਾਨੂੰਨ ਬਾਰੇ ਆਪਣੇ ਗੂੜ੍ਹੇ ਗਿਆਨ ਰਾਹੀਂ ਦੁਨੀਆ ਨੂੰ ਦੱਸਿਆ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਦੀ ਕਿਉਂ ਮੰਗ ਕਰ ਰਹੇ ਹਨ। ਕੱਲ੍ਹ ਵੀ ਇਸੇ ਕਾਨੂੰਨ ‘ਤੇ ਬਹਿਸ ਹੋਵੇਗੀ ਅਤੇ ਮਤਾ ਪਾਸ ਕੀਤਾ ਜਾਵੇਗਾ।
ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਦੋਂ 200 ਕਿਸਾਨਾਂ ਦਾ ਜੱਥਾ ਬੱਸਾਂ ਰਾਹੀ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਸ਼ਨਾਖ਼ਤ ਕਰਨ ਦੇ ਨਾਮ ਹੇਠ ਰੋਕ ਲਿਆ। ਕਿਸਾਨ ਆਗੂਆਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਅਤੇ ਹੋਰਾਂ ਵੱਲੋਂ ਵਿਰੋਧ ਕੀਤੇ ਜਾਣ ‘ਤੇ ਉਨ੍ਹਾਂ ਦਾ ਕਾਫ਼ਲਾ ਭਾਰੀ ਸੁਰੱਖਿਆ ਹੇਠ ਪਾਰਲੀਮੈਂਟ ਸਟਰੀਟ ਪਹੁੰਚਿਆ ਅਤੇ ਜੰਤਰ-ਮੰਤਰ ‘ਤੇ ਕਿਸਾਨ ਸੰਸਦ ਆਰੰਭ ਕੀਤੀ। ਜੰਤਰ-ਮੰਤਰ ‘ਤੇ ਬਹੁ-ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ।
ਕਿਸਾਨ ਸੰਸਦ ਚਲਾਉਣ ਲਈ 6 ਮੈਂਬਰੀ ਸੰਚਾਲਨ ਕਮੇਟੀ ਬਣਾਈ ਗਈ ਜਿਸ ਵਿੱਚ ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਹਨਨ ਮੌਲਾ, ਯੋਗੇਂਦਰ ਯਾਦਵ ਅਤੇ ਸ਼ਿਵ ਕੱਕਾ ਸ਼ਾਮਲ ਸਨ। ਪਹਿਲੇ ਦਿਨ ਦੀ ਕਿਸਾਨ ਸੰਸਦ ਤਿੰਨ ਸੈਸ਼ਨਾਂ ਵਿੱਚ ਚਲਾਈ ਗਈ। ਪਹਿਲੇ ਸੈਸ਼ਨ ‘ਚ ਸਪੀਕਰ ਹਨਨ ਮੌਲਾ ਅਤੇ ਡਿਪਟੀ ਸਪੀਕਰ ਮਨਜੀਤ ਰਾਏ ਸਨ। ਦੂਜੇ ਸੈਸ਼ਨ ਵਿੱਚ ਸਪੀਕਰ ਯੋਗੇਂਦਰ ਯਾਦਵ ਅਤੇ ਡਿਪਟੀ ਸਪੀਕਰ ਹਰਮੀਤ ਕਾਦੀਆਂ ਜਦਕਿ ਤੀਸਰੇ ਸੈਸ਼ਨ ਵਿੱਚ ਸਪੀਕਰ ਸ਼ਿਵ ਕੱਕਾ ਅਤੇ ਡਿਪਟੀ ਸਪੀਕਰ ਰਾਮਿੰਦਰ ਪਟਿਆਲਾ ਸਨ। ਕਿਸਾਨ ਸੰਸਦ ਨੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨ ਸੰਸਦ ਵਾਲਿਆਂ ਨੂੰ ‘ਮਵਾਲੀ’ ਕਹਿਣ ਖ਼ਿਲਾਫ਼ ਨਿੰਦਾ ਪ੍ਰਸਤਾਵ ਪੇਸ਼ ਕੀਤਾ। ਕਿਸਾਨ ਸੰਸਦ ਆਕਾਸ਼ ਗੁੰਜਾਊ ਨਾਅਰਿਆਂ ਨਾਲ ਵਜੇ ਸ਼ੁਰੂ ਹੋਈ ਅਤੇ ਸ਼ਾਮ ਵਜੇ ਸਮਾਪਤ ਹੋਈ। ਸਭ ਤੋਂ ਪਹਿਲਾਂ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਦੀ ਸ਼ੁਰੂਆਤ ਹਨਨ ਮੌਲਾ ਨੇ ਕਰਵਾਈ ਜਿਸ ਦੌਰਾਨ ਏਪੀਐੱਮਸੀ ਮੰਡੀਆਂ ਤੋੜਨ ਲਈ ਲਿਆਂਦੇ ਕਾਨੂੰਨ ‘ਤੇ ਬਹਿਸ ਹੋਈ। ਬਹਿਸ ਦੀ ਸ਼ੁਰੂਆਤ ਪ੍ਰੇਮ ਸਿੰਘ ਭੰਗੂ ਨੇ ਕੀਤੀ। ਸੋਨੀਆ ਮਾਨ, ਹਰਪਾਲ ਸੁੰਡਲ, ਸੁਰੇਸ਼ ਕੌਥ, ਸਤਨਾਮ ਅਜਨਾਲਾ, ਜਸਵੀਰ ਕੌਰ ਨੱਤ, ਤੇਜਿੰਦਰ ਵਿਰਕ, ਕਿਰਨਜੀਤ ਸੇਖੋਂ ਸਮੇਤ ਕੁੱਲ 45 ਬੁਲਾਰਿਆਂ ਨੇ ਬਹਿਸ ਵਿੱਚ ਭਾਗ ਲਿਆ। ਉੱਧਰ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਅੱਜ ਸਵੇਰੇ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਉਹ ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਪੀਪਲਜ਼ ਵ੍ਹਿਪ ਦਾ ਜਵਾਬ ਦੇ ਰਹੇ ਸਨ। ਕਈ ਸੰਸਦ ਮੈਂਬਰਾਂ ਨੇ ਕਿਸਾਨ ਸੰਸਦ ਦਾ ਦੌਰਾ ਵੀ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਮੈਂਬਰਾਂ ਦਾ ਕਿਸਾਨੀ ਸੰਘਰਸ਼ ਵਿੱਚ ਸਮਰਥਨ ਦੇਣ ਲਈ ਧੰਨਵਾਦ ਕੀਤਾ ਪਰ ਉਨ੍ਹਾਂ ਨੂੰ ਮੰਚ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ।