ਜੰਮੂ-ਕਸ਼ਮੀਰ ਦੇ ਬਡਗਾਮ ‘ਚ ਟੀਵੀ ਕਲਾਕਾਰ ਅਮਰੀਨ ਭੱਟ ਦੀ ਗੋਲੀਆਂ ਮਾਰ ਕੇ ਹੱਤਿਆ

ਸ੍ਰੀਨਗਰ, 25 ਮਈ (ਏਜੰਸੀ) – ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਅਤਿਵਾਦੀਆਂ ਨੇ ਇੱਕ ਟੀਵੀ ਕਲਾਕਾਰ ਅਮਰੀਨ ਭੱਟ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਭਤੀਜੇ ਨੂੰ ਜ਼ਖ਼ਮੀ ਕਰ ਦਿੱਤਾ। ਕਸ਼ਮੀਰ ਜ਼ੋਨ ਦੀ ਪੁਲਿਸ ਨੇ ਟਵੀਟ ਕਰਕੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 9.55 ਵਜੇ ਅਤਿਵਾਦੀਆਂ ਨੇ ਟੀਵੀ ਕਲਾਕਾਰ ਅਮਰੀਨ ਭੱਟ ਪੁੱਤਰੀ ਖਾਜ਼ਿਰ ਮੁਹੰਮਦ ਭੱਟ ਦੀ ਉਸ ਦੇ ਹੁਸ਼ਰੂ ਚਦੂਰਾ ਸਥਿਤ ਘਰ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਭਤੀਜੇ ਨੂੰ ਜ਼ਖ਼ਮੀ ਕਰ ਦਿੱਤਾ। ਦੋਵਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਮਰੀਨ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਭਤੀਜੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਿਸ ਦੀ ਬਾਂਹ ‘ਚ ਗੋਲੀ ਵੱਜੀ ਹੈ। ਪੁਲਿਸ ਅਨੁਸਾਰ ਇਸ ਹਮਲੇ ‘ਚ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 3 ਅਤਿਵਾਦੀ ਸ਼ਾਮਿਲ ਸਨ, ਜਿਨ੍ਹਾਂ ਦੀ ਭਾਲ ਜਾਰੀ ਹੈ।