ਟੀਮ ਅੰਨਾ ਨੂੰ ਜੰਤਰ-ਮੰਤਰ ‘ਤੇ ਭੁੱਖ ਹੜਤਾਲ ਕਰਨ ਦੀ ਮਨਜ਼ੂਰੀ ਨਹੀਂ

ਨਵੀਂ ਦਿੱਲੀ – ਟੀਮ ਅੰਨਾ ਨੂੰ ਉਸ ਵੇਲੇ ਜੋਰਦਾਰ ਝਟਕਾ ਲੱਗਾ ਜਦ ਦਿੱਲੀ ਪੁਲੀਸ ਨੇ ਜੰਤਰ-ਮੰਤਰ ‘ਤੇ 25 ਜੁਲਾਈ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦੀ ਆਗਿਆ ਨਹੀਂ ਦਿੱਤੀ। ਪੁਲੀਸ ਨੇ ਆਪਣੇ ਪੱਖ ਵਿੱਚ ਦਲੀਲ ਦਿੱਤੀ ਹੈ ਕਿ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਹੋਣ ਕਾਰਨ ਹੋਰਨਾਂ ਜਥੇਬੰਦੀਆਂ ਨੇ ਵੀ ਜੰਤਰ-ਮੰਤਰ ‘ਤੇ ਪ੍ਰੋਗਰਾਮ ਕਰਨੇ ਹਨ।
ਟੀਮ ਅੰਨਾ ਨੇ ਜੰਤਰ-ਮੰਤਰ ‘ਤੇ  ਭੁੱਖ ਹੜਤਾਲ ਕਰਨ ਦੀ ਮਨਜ਼ੂਰੀ ਨਾ ਮਿਲਣ ਕਰਕੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਦੋਸ਼ੀ ਠਹਿਰਾਇਆ ਹੈ। ਪਰ ਟੀਮ ਅੰਨਾ ਨੇ ਪੁਲੀਸ ਦੀ ਦਲੀਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜੰਤਰ-ਮੰਤਰ ‘ਤੇ ਹੀ ਮੁਜ਼ਾਹਰਾ ਕਰਨਗੇ ਜਾਂ ਫਿਰ ਜੇਲ੍ਹ ਜਾਣਗੇ। ਟੀਮ ਅੰਨਾ ਨੇ ਭ੍ਰਿਸ਼ਟਾਚਾਰ ਅਤੇ ਮਜ਼ਬੂਤ ਲੋਕਪਾਲ ਨੂੰ ਲਾਗੂ ਕਰਵਾਉਣ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੇ 14 ਕੈਬਨਿਟ ਸਾਥੀਆਂ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੇ ਮੁੱਦਿਆਂ ‘ਤੇ ਯੂ.ਪੀ.ਏ. ਸਰਕਾਰ ਵਿਰੁੱਧ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਸੀ।