ਟੀ-20 ਵਰਲਡ ਕੱਪ: ਅੱਜ ਐੱਮਸੀਜੀ ‘ਚ ਪਾਕਿਸਤਾਨ ਤੇ ਇੰਗਲੈਂਡ ਫਾਈਨਲ ‘ਚ ਭਿੜਨਗੇ

ਮੈਲਬਰਨ, 10 ਨਵੰਬਰ – ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਵਿੱਚ ਅੱਜ ਹੋਣ ਵਾਲੇ ਟੀ-20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ‘ਚ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਸਾਬਕਾ ਕਪਤਾਨ ਇਮਰਾਨ ਖਾਨ ਨਾਲ ਪਾਕਿਸਤਾਨ ਦੇ ‘ਹਾਲ ਆਫ ਫੇਮ’ ਵਿੱਚ ਸ਼ਾਮਲ ਹੋਣਾ ਚਾਹੇਗਾ। ਉਧਰ ਇੰਗਲੈਂਡ ਵੀ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ ਆਪਣੇ ਨਾਮ ਕਰਨਾ ਚਾਹੇਗਾ। ਇੰਗਲੈਂਡ ਦੇ ਜੋਸ ਬਟਲਰ, ਏਲੈਕਸ ਹੇਲਸ, ਬੈੱਨ ਸਟਾਕਸ ਅਤੇ ਮੋਈਨ ਅਲੀ ਵਰਗੇ ਬੱਲੇਬਾਜ਼ਾਂ ਦਾ ਟਾਕਰਾ ਕਰਨ ਲਈ ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਵਸੀਮ ਜੂਨੀਅਰ ਅਤੇ ਹੈਰਿਸ ਰਾਊਫ ਨੂੰ ਸ਼ਾਨਦਾਰ ਗੇਂਦਬਾਜ਼ੀ ਕਰਨੀ ਪਵੇਗੀ। ਵੱਡੇ ਮੁਕਾਬਲਿਆਂ ਵਿੱਚ ਹਮੇਸ਼ਾ ਇੱਕ ਖਿਡਾਰੀ ਖਿੱਚ ਦਾ ਕੇਂਦਰ ਬਣਦਾ ਹੈ ਅਤੇ ਸਟਾਕਸ 2019 ਲਾਰਡਜ਼ ਦੇ ਪ੍ਰਦਰਸ਼ਨ ਨੂੰ ਮੁੜ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਮੌਸਮ ਵਿਭਾਗ ਅਨੁਸਾਰ ਫਾਈਨਲ ਮੈਚ ਵਾਲੇ ਦਿਨ ਅਤੇ ‘ਰਿਜ਼ਰਵ ਡੇਅ’ ਸੋਮਵਾਰ ਨੂੰ ਮੀਂਹ ਪੈ ਸਕਦਾ ਹੈ।
ਫਾਈਨਲ ਮੈਚ ਵਿੱਚ ਜੇਤੂ ਟੀਮ ਦੂਜੀ ਵਾਰ ਖਿਤਾਬ ਜਿੱਤੇਗੀ।ਇੰਗਲੈਂਡ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ-ਇੱਕ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੀਆਂ ਹਨ। ਹਾਲਾਂਕਿ ਟੀ-20 ਇੰਟਰਨੈਸ਼ਨਲ ‘ਚ ਦੋਵਾਂ ਟੀਮਾਂ ਵਿਚਾਲੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ਦਾ ਹੱਥ ਸਭ ਤੋਂ ਉੱਪਰ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਕਿ ਇਸ ਫਾਰਮੈਟ ‘ਚ ਦੋਵਾਂ ਟੀਮਾਂ ਵਿਚਾਲੇ ਕੀ ਰਿਕਾਰਡ ਹੈ।
ਟੀ-20 ਇੰਟਰਨੈਸ਼ਨਲ ‘ਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ ਕੁੱਲ 28 ਮੈਚ ਖੇਡੇ ਗਏ ਹਨ। ਇਨ੍ਹਾਂ 28 ਮੈਚਾਂ ‘ਚ ਇੰਗਲੈਂਡ ਦੀ ਕ੍ਰਿਕਟ ਟੀਮ ਪੂਰੀ ਤਰ੍ਹਾਂ ਪਾਕਿਸਤਾਨ ‘ਤੇ ਹਾਵੀ ਰਹੀ। ਇੰਗਲੈਂਡ ਦੀ ਟੀਮ ਨੇ ਇਨ੍ਹਾਂ 28 ਮੈਚਾਂ ਵਿੱਚੋਂ 17 ਵਿੱਚ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਦੀ ਟੀਮ ਨੂੰ ਸਿਰਫ਼ 9 ਮੈਚਾਂ ਵਿੱਚ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਇੱਕ ਮੈਚ ਵਿੱਚ ਕੋਈ ਨਤੀਜਾ ਨਹੀਂ ਨਿਕਲ ਸਕਿਆ। ਅਜਿਹੇ ‘ਚ ਇੰਗਲੈਂਡ ਖਿਲਾਫ ਫਾਈਨਲ ਮੈਚ ‘ਚ ਪਾਕਿਸਤਾਨ ਕ੍ਰਿਕਟ ਟੀਮ ਲਈ ਕੁਝ ਵੀ ਆਸਾਨ ਨਹੀਂ ਹੋਣ ਵਾਲਾ ਹੈ।
ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ ‘ਚ ਵੀ ਇੰਗਲੈਂਡ ਦੀ ਟੀਮ ਪਾਕਿਸਤਾਨ ‘ਤੇ ਭਾਰੀ ਰਹੀ ਹੈ। ਟੀ-20 ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਪਹਿਲੀ ਵਾਰ ਸਾਲ 2009 ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ 48 ਦੌੜਾਂ ਨਾਲ ਹਰਾਇਆ ਸੀ। ਅਤੇ ਦੂਜੀ ਵਾਰ 2010 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਹਾਲਾਂਕਿ ਟੀ-20 ਵਿਸ਼ਵ ਕੱਪ ‘ਚ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾਇਆ ਸੀ ਪਰ 30 ਸਾਲ ਪਹਿਲਾਂ 1992 ਦੇ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਨੇ ਫਾਈਨਲ ਮੈਚ ‘ਚ ਇੰਗਲੈਂਡ ਨੂੰ ਹਰਾ ਕੇ ਇੰਗਲੈਂਡ ਦਾ ਸੁਪਨਾ ਤੋੜ ਦਿੱਤਾ ਸੀ। ਇਤਫਾਕਨ 1992 ‘ਚ ਦੋਵੇਂ ਟੀਮਾਂ ਮੈਲਬੌਰਨ ਦੇ ਮੈਦਾਨ ‘ਤੇ ਖੇਡੀਆਂ ਸਨ।
ਪਾਕਿਸਤਾਨ ਨੇ ਸੈਮੀਫਾਈਨਲ ‘ਚ ਜ਼ਬਰਦਸਤ ਵਾਪਸੀ ਕੀਤੀ
ਸੁਪਰ-12 ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ ਨੇ ਸੈਮੀਫਾਈਨਲ ਮੈਚ ‘ਚ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। ਪਾਕਿਸਤਾਨ ਨੇ ਨਿਊਜ਼ੀਲੈਂਡ ਵਰਗੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਸੀ। ਅਜਿਹੇ ‘ਚ ਇਹ ਇੰਗਲੈਂਡ ਲਈ ਕਿਸੇ ਖਤਰੇ ਤੋਂ ਘੱਟ ਨਹੀਂ ਹੈ।
ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ ਵੀ ਸੈਮੀਫਾਈਨਲ ‘ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਅਜਿਹੇ ‘ਚ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਕਾਂਟੇ ਦੀ ਟੱਕਰ ਲਈ ਨਜ਼ਰ ਆ ਸਕਦਾ ਹੈ।