ਵਿਧਾਨ ਸਭਾ ਚੋਣਾਂ: ਹਿਮਾਚਲ ਚੋਣਾਂ ’ਚ 70.07% ਮਤਦਾਨ, ਨਤੀਜੇ 8 ਦਸੰਬਰ ਨੂੰ ਆਉਣਗੇ

ਸ਼ਿਮਲਾ, 12 ਨਵੰਬਰ – ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ ਦਾ ਅਮਲ ਅੱਜ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ ਅਤੇ ਦੇਰ ਰਾਤ ਤੱਕ ਮਿਲੇ ਅੰਕੜਿਆਂ ਮੁਤਾਬਕ 70.07% ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਨੇ ਵੋਟਾਂ ਸਬੰਧੀ ਅਸਥਾਈ ਅੰਕੜਿਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਪਿਛਲੀਆਂ ਦੋ ਵਿਧਾਨ ਸਭਾਵਾਂ ਦੀਆਂ ਚੋਣਾਂ ਮੁਕਾਬਲੇ ਇਸ ਵਾਰ ਘੱਟ ਵੋਟਾਂ ਪਈਆਂ ਹਨ। ਸਾਲ 2017 ’ਚ 75.57% ਜਦਕਿ 2012 ’ਚ 73.5% ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਵੋਟਾਂ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਮੱਠੀ ਰਹੀ ਤੇ ਹੌਲੀ-ਹੌਲੀ ਵੋਟਿੰਗ ’ਚ ਤੇਜ਼ੀ ਆਈ। ਹਿਮਾਚਲ ਵਿਧਾਨ ਸਭਾ ਚੋਣਾਂ ਭਾਜਪਾ ਲਈ ਅਹਿਮ ਪ੍ਰੀਖਿਆ ਹੈ ਅਤੇ ਉਹ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਸੂਬੇ ਦੀ ਰਵਾਇਤ ਤੋੜਨ ਦੀ ਕੋਸ਼ਿਸ਼ ’ਚ ਹੈ ਜਦਕਿ ਕਾਂਗਰਸ ਨੇ ਵੋਟਰਾਂ ਨੂੰ ਸਰਕਾਰ ਬਦਲਣ ਦੀ ਰਵਾਇਤ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਚੋਣ ਕਮਿਸ਼ਨ ਅਨੁਸਾਰ ਪਹਿਲੇ ਇੱਕ ਘੰਟੇ ’ਚ ਤਕਰੀਬਨ 5% ਵੋਟਾਂ ਪਈਆਂ। ਸਵੇਰੇ 11 ਵਜੇ ਤੱਕ 19.98%, ਬਾਅਦ ਦੁਪਹਿਰ 1 ਵਜੇ ਤੱਕ 37.19%, 3 ਵਜੇ ਤੱਕ 55.65% ਅਤੇ ਸ਼ਾਮ ਪੰਜ ਵਜੇ ਤੱਕ 65.92% ਵੋਟਾਂ ਪਈਆਂ ਹਨ। ਜ਼ਿਲ੍ਹਿਆਂ ਦੇ ਹਿਸਾਬ ਨਾਲ ਸਭ ਤੋਂ ਵੱਧ 72.79% ਵੋਟਿੰਗ ਸਿਰਮੌਰ ਜ਼ਿਲ੍ਹੇ ’ਚ ਹੋਈ ਹੈ। ਇਸ ਤੋਂ ਬਾਅਦ ਸਭ ਤੋਂ ਵੱਧ ਵੋਟਾਂ ਸੋਲਨ (68.48%), ਊਨਾ (67.67%) ਤੇ ਲਾਹੌਲ-ਸਪਿਤੀ (67.5%) ’ਚ ਪਈਆਂ। ਹਲਕਾਵਾਰ ਸਭ ਤੋਂ ਵੱਧ 82.22% ਵੋਟਾਂ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਚੋਣ ਹਲਕੇ ਸੇਰਾਜ ’ਚ ਜਦਕਿ ਸਭ ਤੋਂ ਘੱਟ 50.25% ਵੋਟਾਂ ਬੈਜਨਾਥ ’ਚ ਪਈਆਂ। ਅੰਕੜਿਆਂ ਅਨੁਸਾਰ ਸ਼ਿਲਾਈ ’ਚ 77%, ਸੁਜਾਨਪੁਰ ’ਚ 73.65%, ਅੰਨੀ ’ਚ 63.65%, ਅਰਕੀ ’ਚ 66%, ਚੁਰਾਹ ’ਚ 60.83% ਅਤੇ ਡਲਹੌਜ਼ੀ ’ਚ 63% ਵੋਟਾਂ ਪਈਆਂ ਹਨ। ਤਾਸ਼ੀਗੈਂਗ ’ਚ ਸਥਿਤ ਦੁਨੀਆ ਦੇ ਸਭ ਤੋਂ ਉਚਾਈ ਵਾਲੇ ਪੋਲਿੰਗ ਬੂਥ ’ਚ 98.08% ਵੋਟਿੰਗ ਦਰਜ ਕੀਤੀ ਹੈ। ਬਜ਼ੁਰਗ ਤੇ ਦਿਵਿਆਂਗ ਵੋਟਰਾਂ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।