ਟੀ-20 ਵਰਲਡ ਕੱਪ: ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ, ਭਾਰਤ ਦਾ ਸੈਮੀਫਾਈਨਲ ‘ਚ ਪੁੱਜਣਾ ਲਗਭਗ ਔਖਾ

ਦੁਬਈ, 31 ਅਕਤੂਬਰ – ਇੱਥੇ ਖੇਡੇ ਜਾ ਰਹੇ ਆਈਸੀਸੀ ਟੀ-20 ਵਰਲਡ ਕੱਪ ਦੇ ਸੁਪਰ 12 ਦੇ ਪੁਲ ਬੀ ਦੇ ਅਹਿਮ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ ਇੱਕਤਰਫ਼ਾ ਮੁਕਾਬਲੇ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਵਰਲਡ ਕੱਪ ਵਿੱਚ ਭਾਰਤ ਦੀ ਇਹ ਦੂਜੀ ਲਗਾਤਾਰ ਹਾਰ ਹੈ ਤੇ ਭਾਰਤ ਦਾ ਸੈਮੀਫਾਈਨਲ ਵਿੱਚ ਪੁੱਜਣਾ ਲਗਭਗ ਮੁਸ਼ਕਲ ਹੀ ਲੱਗ ਰਿਹਾ ਹੈ। ਹੁਣ ਭਾਰਤ ਦੀ ਆਸ ਅਫ਼ਗ਼ਾਨਿਸਤਾਨ ਟੀਮ ਉੱਤੇ ਟਿੱਕੀ ਹੈ ਜੇ ਉਹ ਨਿਊਜ਼ੀਲੈਂਡ ਦੀ ਟੀਮ ਨੂੰ ਹਰਾਉਂਦੀ ਹੈ ਤੇ ਭਾਰਤ ਆਪਣੇ ਰਹਿੰਦੇ ਸਾਰੇ ਮੈਚ ਜਿੱਤ ਜਾਂਦਾ ਹੈ ਤਾਂ ਹੀ ਭਾਰਤ ਸੈਮੀਫਾਈਨਲ ਵਿੱਚ ਪੁੱਜ ਸਕਦਾ ਹੈ, ਜੋ ਹਾਲ ਦੀ ਘੜੀ ਬਹੁਤ ਔਖਾ ਹੈ ਤੇ ਭਾਰਤ ਦਾ ਵਰਲਡ ਕੱਪ ਤੋਂ ਬਾਹਰ ਹੋਣਾ ਲਗਭਗ ਤਹਿ ਹੀ ਲੱਗ ਰਿਹਾ ਹੈ। ਪਰ ਮਜ਼ੇ ਦੀ ਗੱਲ ਹੈ ਅਫ਼ਗ਼ਾਨਿਸਤਾਨ ਜੇ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਉਹ ਵੀ ਸੈਮੀ ਦੀ ਦੌੜ ਵਿੱਚ ਸ਼ਾਮਲ ਰਹੇਗੀ
ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦੇ ਹੋਏ ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਖੇਡ ਦਿਆਂ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 110 ਦੌੜਾਂ ਬਣਾਈਆਂ। ਭਾਰਤ ਟੀਮ ਦੇ ਸਿਖਰਲੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੇ ਤੇ ਉਹ ਆਊਟ ਹੁੰਦੇ ਰਹੇ। ਭਾਰਤ ਵੱਲੋਂ ਆਖ਼ਰੀ ਓਵਰ ਵਿੱਚ ਰਵਿੰਦਰ ਜਡੇਜਾ (26) ਨੇ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ, ਹਾਰਦਿਕ ਪਾਂਡਿਆ ਨੇ 23 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਦਾ ਓਪਨਰ ਇਸ਼ਾਨ ਕਿਸ਼ਨ 4 ਦੌੜਾਂ ਬਣਾ ਕੇ ਬੋਲਟ ਦੀ ਗੇਂਦ ‘ਤੇ ਆਊਟ ਹੋਇਆ ਤੇ ਉਸ ਤੋਂ ਅਗਲੀ ਹੀ ਗੇਂਦ ‘ਤੇ ਨਿਊਜ਼ੀਲੈਂਡ ਦੇ ਖਿਡਾਰੀ ਨੇ ਰੋਹਿਤ ਸ਼ਰਮਾ ਦਾ ਆਸਾਨ ਕੈਚ ਛੱਡ ਦਿੱਤਾ। ਇਸ ਤੋਂ ਬਾਅਦ ਕੇ ਐਲ ਰਾਹੁਲ ਵੀ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਆਊਟ ਹੋ ਗਿਆ। ਭਾਰਤ ਦੀ 40 ਦੌੜਾਂ ‘ਤੇ ਰੋਹਿਤ ਸ਼ਰਮਾ ਵਜੋਂ ਤੀਜੀ ਵਿਕਟ ਡਿੱਗੀ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਵੀ ਆਊਟ ਹੋ ਗਏ। ਭਾਰਤ ਦੀਆਂ 15 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 70 ਦੌੜਾਂ ਸਨ। ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 3 ਅਤੇ ਈਸ਼ ਸੋਢੀ ਨੇ 2 ਵਿਕਟ ਲਏ।
ਭਾਰਤ ਵੱਲੋਂ ਮਿਲੇ 111 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਨੇ 14.3 ਓਵਰਾਂ ਵਿੱਚ ਹੀ 2 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਨਿਊਜ਼ੀਲੈਂਡ ਵੱਲੋਂ ਡੈਰਿਲ ਮਿਸ਼ੇਲ ਨੇ 49 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਚੌਥੇ ਓਵਰ ਵਿੱਚ ਹੀ ਆਊਟ ਹੋ ਗਏ ਤੇ ਉਨ੍ਹਾਂ 17 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੇਨ ਵਿਲੀਅਮਸਨ ਤੇ ਮਿਸ਼ੇਲ ਵਿਚਾਲੇ ਮਜ਼ਬੂਤ ਭਾਈਵਾਲੀ ਹੋਈ। ਮਿਸ਼ੇਲ ਨੇ 13ਵੇਂ ਓਵਰ ਵਿੱਚ ਆਪਣੀ ਵਿਕਟ ਗੁਆਈ। ਵਿਲੀਅਮਸਨ 33 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤ ਵੱਲੋਂ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ।