ਟੀ-20 ਵਰਲਡ ਕੱਪ: ਨੀਦਰਲੈਂਡ ਨੇ ਯੂਏਈ ਨੂੰ ਤਿੰਨ ਵਿਕਟਾਂ ਨਾਲ ਹਰਾਇਆ

ਜੀਲੌਂਗ, 16 ਅਕਤੂਬਰ – ਆਈਸੀਸੀ ਟੀ-20 ਵਰਲਡ ਕੱਪ ਦੇ ਗਰੁੱਪ ਏ ਦੇ ਮੈਚ ਵਿੱਚ ਨੀਦਰਲੈਂਡ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਇਕ ਗੇਂਦ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਹਰਾ ਦਿੱਤਾ।
ਯੂਏਈ ਨੇ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 111 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰ ਰਹੀ ਨੀਦਰਲੈਂਡ ਦੀ ਟੀਮ ਦਾ ਸਕੋਰ ਇਕ ਵੇਲੇ 76/6 ਸੀ। ਸਕੌਟ ਐਡਵਰਡ(ਨਾਬਾਦ 16) ਤੇ ਲੋਗਾਨ ਵੈਨ ਬੀਕ (ਨਾਬਾਦ 4) ਨੇ ਆਖਰੀ ਓਵਰ ਵਿੱਚ ਸੰਜਮ ਨਾਲ ਕੰਮ ਲੈਂਦਿਆਂ ਜਿੱਤ ਆਪਣੀ ਟੀਮ ਦੀ ਝੋਲੀ ਪਾਦਿੱਤਾ।
ਨਿਊਜ਼ੀਲੈਂਡ ਦੇ ਸਾਬਕਾ ਸੀਮਰ ਕ੍ਰਿਸ ਦੇ ਪੁੱਤਰ ਟਿਮ ਪ੍ਰਿੰਗਲ (15) ਤੇ ਐਡਵਰਡ ਨੇ ਪੰਜ ਓਵਰਾਂ ਵਿੱਚ 27 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਕਰੀਬ ਲਿਆਂਦਾ। ਯੂਏਈ ਲਈ ਜੁਨੈਦ ਸਿੱਦਿਕੀ ਨੇ 24 ਦੌੜਾਂ ਬਦਲੇ ਤਿੰਨ ਵਿਕਟ ਲਏ। ਇਸ ਤੋਂ ਪਹਿਲਾਂ ਯੂਏਈ ਲਈ ਮੁਹੰਮਦ ਵਸੀਮ ਨੇ ਸਭ ਤੋਂ ਵਧ 41 ਦੌੜਾਂ ਬਣਾਈਆਂ। ਨੀਦਰਲੈਂਡ ਲਈ ਬਾਸ ਡੀ ਲੀਡ ਨੇ 19 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ।