ਨਿਊਜ਼ੀਲੈਂਡ ਨੂੰ ਪੈਰਾ-ਉਲੰਪਿਕ ਵਿੱਚ ਸੋਨੇ ਤੇ ਤਾਂਬੇ ਦੇ ਤਗਮੇ

ਆਕਲੈਂਡ – ਇੰਗਲੈਂਡ ਵਿਖੇ ਹੋ ਰਹੀਆਂ ਪੈਰਾ-ਉਲੰਪਿਕ ਖੇਡਾਂ ਵਿੱਚ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀ ਰਹਿਣ ਵਾਲੀ ਤੈਰਾਕ ਸੋਫੀ ਪਾਸਕੋ ਨੇ 200 ਮੀਟਰ ਵਿੱਚ ਰਿਕਾਰਡ ਬਣਾਉਂਦੇ ਹੋਏ ਸੋਨੇ ਦਾ ਤਗਮਾ ਜਿੱਤਿਆ ਹੈ। ਉਸ ਨੇ 2:25.65 ਦਾ ਸਮਾਂ ਕੱਢ ਕੇ ਪੁਰਾਣੇ ਸਮੇਂ 2:29.35 ਨੂੰ ਤੋੜ ਦਿੱਤਾ ਅਤੇ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਰੇਸ ਜਿੱਤਣ ਤੋਂ ਬਾਅਦ ਪਾਸਕੋ ਨੇ ਕਿਹਾ ਕਿ ਸਭ ਪਲੈਨ ਮੁਤਾਬਕ ਸੀ ਅਤੇ ਉਸ ਨੇ ਆਪਣੀ ਰੇਸ ਬੜੇ ਹੀ ਠਰ੍ਹਮੇ ਅਤੇ ਸ਼ਾਂਤ ਚਿੱਤ ਮਨ ਨਾਲ ਪੂਰੀ ਕੀਤੀ। ਉਹ ਆਪਣੀ ਇਸ ਜਿੱਤ ਤੋਂ ਬਹੁਤ ਖੁਸ਼ ਹੈ।

ਇਸੇ ਹੀ ਤਰ੍ਹਾਂ ਨਿਊਜ਼ੀਲੈਂਡ ਦੀ ਸਾਈਕਲਿਸਟ ਫਿਓਨਾ ਸਾਊਥਰਨ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਹੈ। ਸਾਊਥਰਨ ਨੇ ਸੀ-੫ ਦੇ ਨਿਜੀ ਮੁਕਾਬਲੇ ਵਿੱਚ ਤਗਮਾ ਹਾਸਲ ਕੀਤਾ।