ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਜੁਲਾਈ ਨੂੰ ਨਿਊਜ਼ੀਲੈਂਡ ਦੇ ਦੌਰੇ ‘ਤੇ ਆ ਰਹੇ ਹਨ

ਆਕਲੈਂਡ, 4 ਜੁਲਾਈ (ਕੂਕ ਪੰਜਾਬੀ ਸਮਾਚਾਰ) – ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ (75 ਸਾਲ) 10 ਜੁਲਾਈ ਦਿਨ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਪਹੁੰਚ ਰਹੇ ਹਨ ਅਤੇ 11 ਜੁਲਾਈ ਦਿਨ ਸ਼ਨੀਵਾਰ ਨੂੰ ਇੱਥੋਂ ਚੱਲੇ ਜਾਣਗੇ। ਜ਼ਿਕਰਯੋਗ ਹੈ ਕਿ 40 ਸਾਲਾਂ ਬਾਅਦ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੌਰੇ ‘ਤੇ ਆ ਰਿਹਾ ਹੈ, ਇਸ ਤੋਂ ਪਹਿਲਾਂ ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ 1986 ਦੇ ਵਿੱਚ ਨਿਊਜ਼ੀਲੈਂਡ ਆਏ ਸਨ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਹੋਵੇਗੀ। ਪ੍ਰਧਾਨ ਮੰਤਰੀ ਲਕਸਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਹ ਫੇਰੀ ਇਤਿਹਾਸਕ ਹੋਵੇਗੀ, ਕਿਉਂਕਿ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਨਿਊਜ਼ੀਲੈਂਡ ਫੇਰੀ ਹੈ।
ਆਕਲੈਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਣ ਵਾਲੇ ਸਵਾਗਤੀ ਸਮਾਗਮ ਲਈ ਵੱਡੀ ਗਿਣਤੀ ‘ਚ ਭਾਰਤੀ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਦੱਸੀ ਜਾ ਰਹੀ ਹੈ। ਗੌਰਤਲਬ ਹੈ ਕਿ ਸ੍ਰੀ ਨਰਿੰਦਰ ਮੋਦੀ ਸਾਲ 2014 ਤੋਂ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹੋਏ ਹਨ ਅਤੇ ਉਹ ਆਪਣੀ ਤੀਜੀ ਟਰਮ ‘ਚ ਹਨ। ਇਸ ਤੋਂ ਪਹਿਲਾਂ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ 13 ਸਾਲ ਮੁੱਖ ਮੰਤਰੀ ਵੀ ਰਹੇ ਹਨ।
ਗੌਰਤਲਬ ਹੈ ਕਿ ਇਸੇ ਸਾਲ 27 ਅਪ੍ਰੈਲ ਨੂੰ ਭਾਰਤ ਦੀ ਰਾਜਧਾਨੀ ਦਿੱਲੀ ‘ਚ ਨਿਊਜ਼ੀਲੈਂਡ ਅਤੇ ਇੰਡੀਆ ਵਿਚਾਲੇ ਇੱਕ ਇਤਿਹਾਸਕ ਮੁਫ਼ਤ ਵਪਾਰ ਸਮਝੌਤੇ (Free Trade Agreement) ਉੱਤੇ ਹਸਤਾਖ਼ਰ ਕੀਤੇ ਗਏ। ਜੋ ਭਾਰਤ ਨੂੰ ਹੋਣ ਵਾਲੇ ਨਿਊਜ਼ੀਲੈਂਡ ਦੇ 95% ਨਿਰਯਾਤ ‘ਤੇ ਟੈਰਿਫ਼ (ਕਸਟਮ ਡਿਊਟੀ) ਨੂੰ ਸਮਾਪਤ ਜਾਂ ਘੱਟ ਕਰਨ ਦੀ ਸੰਭਾਵਨਾ ਹੈ।