ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਨਵੀਂ ਕਮੇਟੀ ਦੀ ਚੋਣ, ਸ. ਅਵਤਾਰ ਸਿੰਘ ਤਾਰੀ ਬਣੇ ਪ੍ਰਧਾਨ

31 ਜੁਲਾਈ ਤੋਂ ਕਾਰਜ ਭਾਰ ਸੰਭਾਲੇਗੀ ਕਮੇਟੀ
ਆਕਲੈਂਡ, 22 ਜੂਨ –
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਆਪਣੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਪਿਛਲੇ ਦਿਨੀਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਸਾਲਾਨਾ ਮੀਟਿੰਗ ਹੋਈ ਜਿਸ ਦੇ ਵਿੱਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਉੱਤੇ ਚਰਚਾ ਕੀਤੀ ਗਈ। ਫੈਡਰੇਸ਼ਨ ਦੇ ਸਕੱਤਰ ਸ. ਤੀਰਥ ਸਿੰਘ ਅਟਵਾਲ ਨੇ ਮੀਟਿੰਗ ਦੌਰਾਨ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਸਰਬ ਸੰਮਤੀ ਦੇ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜੋ 31 ਜੁਲਾਈ ਨੂੰ ਆਪਣਾ ਕਾਰਜ ਭਾਰ ਸੰਭਾਲ ਲਵੇਗੀ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਨਵੀਂ ਚੁਣੀ ਗਈ ਕਮੇਟੀ ਦੀ ਟੀਮ ਦੇ ਵਿੱਚ ਸ. ਅਵਤਾਰ ਸਿੰਘ ਤਾਰੀ ਨੂੰ ਪ੍ਰਧਾਨ, ਜੱਸੀ ਬਰਾੜ ਨੂੰ ਉਪ-ਪ੍ਰਧਾਨ, ਤੀਰਥ ਸਿੰਘ ਅਟਵਾਲ ਨੂੰ ਸਕੱਤਰ, ਮਨਜੀਤ ਸਿੰਘ ਨੂੰ ਮੀਤ-ਸਕੱਤਰ, ਜਗਦੇਵ ਸਿੰਘ ਜੱਗੀ ਨੂੰ ਡਾਇਰੈਕਟਰ, ਜੱਸਾ ਬੋਲੀਨਾ ਨੂੰ ਚੇਅਰਮੈਨ, ਹਰਪ੍ਰੀਤ ਸਿੰਘ ਰਾਇਸਰ ਨੂੰ ਸਪੋਕਸਪਰਸਨ ਅਤੇ ਰਾਜਾ ਬੁੱਟਰ ਨੂੰ ਖ਼ਜ਼ਾਨਚੀ ਚੁਣਿਆ ਗਿਆ। ਮੀਟਿੰਗ ਦੇ ਅੰਤ ਵਿੱਚ ਮੌਜੂਦਾ ਪ੍ਰਧਾਨ ਜੱਸਾ ਬੋਲੀਨਾ ਨੇ ਆਏ ਸਾਰੇ ਮੈਂਬਰਾਂ ਦਾ ਪਿਛਲੇ ਸਾਲ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।