ਨੈਸ਼ਨਲ ਪਾਰਟੀ ਦੇ ਪੈਨਮਿਉਰ-ਓਟਾਹੂਹੂ ਤੋਂ ਉਮੀਦਵਾਰ ਨਵਤੇਜ ਰੰਧਾਵਾ ਵੱਲੋਂ ਚੋਣ ਮੁਹਿੰਮ ਦਾ ਢੋਲ ਢਮੱਕੇ ਨਾਲ ਆਗਾਜ਼

ਪਾਪਾਟੋਏਟੋਏ, 8 ਅਗਸਤ – ਇੱਥੇ ਦੇ ਸਪੋਰਟਸ ਸੈਂਟਰ ਵਿਖੇ 6 ਅਗਸਤ ਦਿਨ ਐਤਵਾਰ ਨੂੰ ਪੈਨਮਿਉਰ-ਓਟਾਹੂਹੂ ਹਲਕੇ ਤੋਂ ਉਮੀਦਵਾਰ ਨਵਤੇਜ ਰੰਧਾਵਾ ਵੱਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਢੋਲ ਢਮੱਕੇ ਤੇ ਉਤਸ਼ਾਹ ਨਾਲ ਕੀਤਾ ਗਿਆ। ਨੈਸ਼ਨਲ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਆਪਣੀ ਪਹਿਲੀ ਪਾਰੀ ਦੇ ਆਗਾਜ਼ ਉੱਤੇ ਨਵਤੇਜ ਰੰਧਾਵਾ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਨਾਲ ਭਾਈਚਾਰੇ ਦੀ ਆਵਾਜ਼ ਬਣ ਕੇ ਗੂੰਜਣ ਲਈ ਤਿਆਰ ਹਨ, ਜਿਸ ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ। ਇਸ ਮੌਕੇ ਨਵਤੇਜ ਰੰਧਾਵਾ ਨੇ ਆਪਣੇ ਪਰਿਵਾਰ ਤੇ ਆਪਣੀ ਨਿਊਜ਼ੀਲੈਂਡ ‘ਚ ਸ਼ੁਰੂ ਹੋਏ ਸਫ਼ਰ ਦੀ ਵੀਡੀਓ ਰਾਹੀ ਪੇਸ਼ਕਾਰੀ ਦਿੱਤੀ ਅਤੇ ਹਾਜ਼ਰ ਸਾਰੇ ਪਤਵੰਤੇ ਸੱਜਣਾਂ ਵੱਲੋਂ ਮਿਲੇ ਸਹਿਯੋਗ ਬਾਰੇ ਗੱਲ ਵੀ ਕੀਤੀ। ਉਨ੍ਹਾਂ ਨੇ ਚੋਣਾਂ ਦੌਰਾਨ ਪੈਨਮਿਉਰ-ਓਟਾਹੂਹੂ ਹਲਕੇ ਲਈ ਉਨ੍ਹਾਂ ਦੀ ਮਦਦ ਕਰਨ ਵਾਲੀ ਆਪਣੀ ਟੀਮ ਦੇ ਮੈਂਬਰਾਂ ਨੂੰ ਵੀ ਹਾਜ਼ਰ ਲੋਕਾਂ ਸਾਹਮਣੇ ਪੇਸ਼ ਕੀਤਾ।
ਇਸ ਮੌਕੇ ਪੈਨਮਿਉਰ-ਓਟਾਹੂਹੂ ਹਲਕੇ ਤੋਂ ਸਾਬਕਾ ਉਮੀਦਵਾਰ ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ, ਪਾਪਾਕੁਰਾ ਤੋਂ ਐਮਪੀ ਜੂਡਿਥ ਕੋਲਿਨਸ, ਹੋਰ ਪਾਰਟੀ ਮੈਂਬਰ ਤੇ ਮੈਨੁਰੇਵਾ ਤੋਂ ਉਮੀਦਵਾਰ ਸਿਵਾ ਕਿਲਾਰੀ ਤੇ ਆਕਲੈਂਡ ਸੈਂਟਰਲ ਤੋਂ ਉਮੀਦਵਾਰ ਮਹੇਸ਼ ਮੁਰਲੀਧਰ ਹਾਜ਼ਰ ਸਨ। ਗੁਰਦੁਆਰਾ ਦਸਮੇਸ਼ ਦਰਬਾਰਾ ਪਾਪਾਟੋਏਟੋਏ, ਟਾਕਾਨੀਨੀ ਗੁਰਦੁਆਰਾ ਕਮੇਟੀਆਂ ਤੇ ਹੋਰਨਾਂ ਗੁਰੂਘਰਾਂ ਦੇ ਮੈਂਬਰ, ਕਈ ਕਲੱਬਾਂ ਦੇ ਨੁਮਾਇੰਦੇ ਅਤੇ ਆਮ ਲੋਕੀ ਹਾਜ਼ਰ ਸਨ।