ਨੌਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ

ਚੰਡੀਗੜ੍ਹ, 26 ਫਰਵਰੀ – ਅੱਜ ਕਿਰਤ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ (23) ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜਿਸ ਦੇ ਬਾਅਦ ਨੌਦੀਪ ਨੂੰ ਕਰਨਾਲ ਜੇਲ੍ਹ ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਨੌਦੀਪ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਈ ਕੋਰਟ ਨੇ ਉਨ੍ਹਾਂ ਦੇ ਮੁਵੱਕਿਲ ਨੂੰ ਜ਼ਮਾਨਤ ਦੇ ਦਿੱਤੀ ਹੈ।
ਗੌਰਤਲਬ ਹੈ ਕਿ ਨੌਦੀਪ ਨੂੰ 12 ਜਨਵਰੀ ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਸਨਅਤੀ ਇਕਾਈ ਦਾ ਕਥਿਤ ਤੌਰ ‘ਤੇ ਘਿਰਾਓ ਕਰਨ ਤੇ ਜਬਰੀ ਉਗਰਾਹੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਨੌਦੀਪ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕੀਤਾ ਸੀ ਤੇ ਇਸ ਵਿੱਚ ਸ਼ਿਕਾਇਤਕਰਤਾ ਕੁੰਡਲੀ ਦਾ ਐੱਸਐੱਚਓ ਸੀ। ਦੂਜੇ ਮਾਮਲੇ ਵਿੱਚ ਸ਼ਿਕਾਇਤਕਰਤਾ ਸਨਅਤੀ ਇਕਾਈ ਹੈ। ਹਾਈ ਕੋਰਟ ਨੇ ਇਸਤਗਾਸਾ ਤੇ ਬਚਾਅ ਧਿਰਾਂ ਦੀਆਂ ਦਲੀਲਾਂ ਸੁਣ ਬਾਅਦ ਦੋਵਾਂ ਮਾਮਲਿਆਂ ਵਿੱਚ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਪਹਿਲਾਂ ਨੌਦੀਪ ਨੂੰ ਦੋ ਹੋਰ ਕੇਸਾਂ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ।