ਪੰਜਾਬ ’ਚ 17 ਮਈ ਤੱਕ ਕਰਫਿਊ ਜਾਰੀ ਰਹੇਗਾ

ਚੰਡੀਗੜ੍ਹ, 30 ਅਪ੍ਰੈਲ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰਫਿਊ ਦੇ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 3 ਮਈ ਤੋਂ ਬਾਅਦ ਦੋ ਹਫ਼ਤਿਆਂ ਲਈ ਹੋਰ ਕਰਫਿਊ ਲਾਗੂ ਰਹੇਗਾ, ਪਰ ਵੀਰਵਾਰ ਤੋਂ ਲੌਕਡਾਊਨ ਦੌਰਾਨ ਆਇਦ ਪਾਬੰਦੀਆਂ ਵਿੱਚ ਚਾਰ ਘੰਟਿਆਂ ਲਈ ਛੋਟ ਦਿੱਤੀ ਜਾਵੇਗੀ। ਸੀਮਤ ਤੇ ਰੈੱਡ ਜ਼ੋਨਾਂ ਵਾਲੇ ਖੇਤਰਾਂ ਵਿੱਚ ਹਾਲਾਂਕਿ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਚਾਰ ਘੰਟੇ ਦੇ ਅਰਸੇ ਦੌਰਾਨ ਕਿਹੜੀਆਂ ਦੁਕਾਨਾਂ ਕਦੋਂ ਖੁੱਲ੍ਹਣਗੀਆਂ ਇਸ ਬਾਰੇ ਫੈਸਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕੋਵਿਡ ਦੀ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ ’ਤੇ ਇਹ ਜ਼ਰੂਰੀ ਹੈ ਕਿ ਲੌਕਡਾਊਨ ਦੌਰਾਨ ਆਇਦ ਪਾਬੰਦੀਆਂ ਅਜੇ ਥੋੜ੍ਹਾ ਸਮਾਂ ਹੋਰ ਜਾਰੀ ਰੱਖੀਆਂ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਮਾਹਿਰਾਂ ਦੀ ਵੱਖੋ-ਵੱਖਰੀ ਰਾਏ ਹੈ, ਪਰ ਅਜਿਹੇ ਸੰਕੇਤ ਮਿਲਦੇ ਹਨ ਕਿ ਕਰੋਨਾ ਸੰਕਟ ਜੁਲਾਈ/ਅਗਸਤ ਤੱਕ ਜਾਂ ਫਿਰ ਸਤੰਬਰ ਤੱਕ ਜਾਰੀ ਰਹੇਗਾ।
ਪੰਜਾਬ ਵਿੱਚ ਕਰਫਿਊ/ਲੌਕਡਾਊਨ ਹੁਣ 17 ਮਈ ਤੱਕ ਜਾਰੀ ਰਹੇਗਾ, ਪਰ ਇਸ ਦੇ ਨਾਲ ਹੀ ਵੀਰਵਾਰ ਤੋਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਥੋੜ੍ਹੀਆਂ ਛੋਟਾਂ ਜ਼ਰੂਰ ਮਿਲਣਗੀਆਂ। ਸੀਮਤ ਅਤੇ ਰੈੱਡ ਜ਼ੋਨ ਵਾਲੇ ਖੇਤਰਾਂ ਵਿੱਚ ਪਹਿਲਾਂ ਵਾਂਗ ਹੀ ਲੌਕਡਾਊਨ ਦੀਆਂ ਬੰਦਸ਼ਾਂ ਮੁਕੰਮਲ ਤੌਰ ’ਤੇ ਸਖ਼ਤੀ ਨਾਲ ਲਾਗੂ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਹਾਲਾਤ ਦੀ ਦੋ ਹਫ਼ਤਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ ਅਤੇ ਜੇਕਰ ਮਹਾਮਾਰੀ ਕੰਟਰੋਲ ਵਿੱਚ ਰਹੀ ਤਾਂ ਪਾਬੰਦੀਆਂ ਵਿੱਚ ਹੋਰ ਢਿੱਲਾਂ ਦਿੱਤੀਆਂ ਜਾ ਸਕਦੀਆਂ ਹਨ।