ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਅਸਤੀਫ਼ਾ ਮਨਜ਼ੂਰ

ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨੇ 9 ਮਈ ਦਿਨ ਵੀਰਵਾਰ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 5 ਮਈ ਨੂੰ ਜਥੇਦਾਰ ਤੋਤਾ ਸਿੰਘ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ। ਮਾਨਯੋਗ ਅਦਾਲਤ ਨੇ ਜਥੇਦਾਰ ਤੋਤਾ ਸਿੰਘ ਨੂੰ 1997 ਤੋਂ 2002 ਦੇ ਸਮੇਂ ਦੌਰਾਨ ਮੰਤਰੀ ਹੁੰਦਿਆਂ ਸਰਕਾਰੀ ਵਾਹਨਾਂ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਵੇਰੇ ਜਥੇਦਾਰ ਤੋਤਾ ਸਿੰਘ ਦੇ ਗ੍ਰਹਿ ਵਿਖੇ ਗਏ ਜਿੱਥੇ ਅਸਤੀਫੇ ਦੇ ਬਾਰੇ ਚਰਚਾ ਹੋਈ। ਉਸ ਤੋਂ ਬਾਅਦ ਸਰਕਾਰ ਨੇ ਜਥੇਦਾਰ ਤੋਤਾ ਸਿੰਘ ਦੇ ਅਸਤੀਫੇ ਦਾ ਐਲਾਨ ਕਰ ਦਿੱਤਾ। ਖੇਤੀਬਾੜੀ ਵਿਭਾਗ ਮੰਤਰੀ ਮੰਡਲ ਦੇ ਵਿਸਥਾਰ ਤੱਕ ਮੁੱਖ ਮੰਤਰੀ ਬਾਦਲ ਹੀ ਦੇਖਣਗੇ। ਜਥੇਦਾਰ ਤੋਤਾ ਸਿੰਘ ਜਿਨ੍ਹਾਂ ਦੀ ਇੱਕ ਦਹਾਕੇ ਬਾਅਦ ਸੱਤਾ ਵਿੱਚ ਵਾਪਸੀ ਹੋਈ ਸੀ, ਮਸਾਂ ਦੋ ਮਹੀਨਿਆਂ ਦੇ ਸਮੇਂ ਲਈ ਹੀ ਕੁਰਸੀ ‘ਤੇ ਟਿਕ ਸਕੇ। ਮੁੱਖ ਮੰਤਰੀ ਬਾਦਲ ਦੀ ਅਗਵਾਈ ਹੇਠ ਦੂਜੀ ਵਾਰ ਸੂਬੇ ਵਿੱਚ ਬਣੀ ਅਕਾਲੀ-ਭਾਜਪਾ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਇਹ ਰਹੀ ਹੈ ਕਿ ਸਰਕਾਰ ਬਣਨ ਤੋਂ ਮਹਿਜ਼ ਦੋ ਮਹੀਨਿਆਂ ਦੇ ਅੰਦਰ-ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੋ ਮੰਤਰੀਆਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਸਜ਼ਾ ਹੋਈ ਤੇ ਉਨ੍ਹਾਂ ਨੂੰ ਅਹੁਦਿਆਂ ਤੋਂ ਅਸਤੀਫਾ ਦੇਣਾ ਪਿਆ। ਸਰਕਾਰ ਬਣਨ ਤੋਂ ਦੋ ਹਫਤਿਆਂ ਦੇ ਅੰਦਰ ਹੀ ਦਿਹਾਤੀ ਪਾਣੀ ਸਪਲਾਈ ਤੇ ਸੈਨੀਨੇਸ਼ਟ ਵਿਭਾਗ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੂੰ ਆਪਣੀ ਧੀ ਨੂੰ ਅਗਵਾ ਕਰਨ ਤੇ ਜਬਰੀ ਗਰਭਪਾਤ ਕਰਾਉਣ ਦੇ ਦੋਸ਼ਾਂ ਤਹਿਤ 5 ਸਾਲ ਦੀ ਸਜ਼ਾ ਹੋ ਗਈ ਸੀ। ਬੀਬੀ ਦੇ ਅਸਤੀਫੇ ਤੋਂ ਬਾਅਦ ਇਹ ਵਿਭਾਗ ਵੀ ਮੁੱਖ ਮੰਤਰੀ ਬਾਦਲ ਨੇ ਆਪਣੇ ਕੋਲ ਹੀ ਰੱਖਿਆ ਹੋਇਆ ਹੈ। ਇਸ ਤਰ੍ਹਾਂ ਦੋ ਮੰਤਰੀਆਂ ਦੇ ਕੁਰਸੀ ਤੋਂ ਲਾਂਭੇ ਹੋਣ ਨਾਲ ਪੰਜਾਬ ਵਜ਼ਾਰਤ ਵਿੱਚ ਵਿਸਥਾਰ ਦੀ ਸੰਭਾਵਨਾ ਵਧ ਗਈ ਹੈ। ਪੰਜਾਬ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੰਤਰੀਆਂ ਦੀ ਗਿਣਤੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ 14 ਸੀ। ਦੋ ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਇਹ ਗਿਣਤੀ 12 ਰਹਿ ਗਈ ਹੈ। ਹੁਣ ਵੇਖਣਾ ਇਹ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਿਹੜੇ ਦੋ ਹੋਰ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਮੰਤਰੀ ਬਨਾਉਣ ਵਾਲੀ ਮਿਹਰ ਕਰਦੇ ਹਨ।