ਪੰਜਾਬ ਸਰਕਾਰ ਉਲੰਪਿਕਸ ਵਿੱਚ ਸੋਨ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ 2 ਕਰੋੜ ਦੇਵੇਗੀ

ਚੰਡੀਗੜ੍ਹ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ 27 ਜੁਲਾਈ ਤੋਂ 12 ਅਗਸਤ ਤੱਕ ਹੋਣ ਵਾਲੀਆਂ ਲੰਡਨ ਉਲੰਪਿਕ ਖੇਡਾਂ ਦੌਰਾਨ ਸੂਬੇ ਦੇ ਖਿਡਾਰੀਆਂ ਵਲੋਂ ਸੋਨਾ ਤਗਮਾ ਜਿੱਤਣ ਵਾਲੇ ਹਰੇਕ ਖਡਾਰੀ ਨੂੰ 2 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ। ਸਰਦਾਰ ਸੁਖਬੀਰ ਸਿੰਘ ਬਾਦਲ ਜੋ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਖੇਡ ਮੰਤਰਾਲਾ ਵੀ ਸੰਭਾਲ ਰਹੇ ਹਨ ਨੇ ਕਿਹਾ ਕਿ ਲੰਡਨ ਉਲੰਪਿਕ ਲਈ ਭਾਰਤੀ ਹਾਕੀ ਟੀਮ ‘ਚ ਪੰਜਾਬ ਦੇ ਪੰਜ ਖਿਡਾਰੀਆਂ ਦੀ ਚੋਣ ਹੋਣਾ ਸੂਬੇ ਲਈ ਮਾਣ ਵਾਲੀ ਗੱਲ ਹੈ। ਇਹ ਦੇਸ਼ ਦੇ ਕਿਸੇ ਵੀ ਹੋਰ ਸੂਬੇ ਦੇ ਖਿਡਾਰੀਆਂ ਦੀ ਗਿਣਤੀ ਨਾਲੋਂ ਵੱਧ ਹੈ। ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀ ਗੁਰਵਿੰਦਰ ਸਿੰਘ ਚੰਦੀ (ਜਲੰਧਰ), ਧਰਮਵੀਰ ਸਿੰਘ (ਰੋਪੜ), ਗੁਰਬਾਜ਼ ਸਿੰਘ (ਜ਼ੀਰਾ) ਅਤੇ ਮਨਜੀਤ ਸਿੰਘ (ਜਲੰਧਰ) ਸ਼ਾਮਿਲ ਹਨ ਜਦੋਂ ਕਿ ਸਰਵਣਜੀਤ ਸਿੰਘ (ਬਟਾਲਾ) ਨੂੰ ਰਾਖਵੇਂ ਖਿਡਾਰੀਆਂ ਦੀ ਸੂਚੀ ਵਿੱਚ ਥਾਂ ਦਿਤੀ ਗਈ ਹੈ। ਉਨ੍ਹਾਂ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਦੇ ਸਾਰੇ ਖਿਡਾਰੀਆਂ ਨੂੰ ਜੋ ਉਲੰਪਿਕਸ ਵਿੱਚ ਹਿੱਸਾ ਲੈ ਰਹੇ ਹਨ ਨੂੰ ਵਧਾਈਆਂ ਦਿੱਤੀਆਂ।