‘ਫੇਸਬੁੱਕ’ ਤੋਂ ‘ਹੋਟਲ ਦੇ ਕਮਰੇ’ ਤੱਕ……

ਬਾਰ੍ਹਵੀਂ (+2) ਦੀ ਪੜ੍ਹਾਈ ਪੂਰੀ ਕਰਕੇ ਨਵ ਨੇ ਵੀ ਫੇਸਬੁੱਕ ਉੱਤੇ ਅਕਾਊਂਟ ਬਣਾਇਆ ਤੇ ਫੇਸਬੁੱਕ ਇਸਤੇਮਾਲ ਕਰਨ ਲੱਗੀ। ਉਸ ਨਾਲ ਖ਼ਾਸ ਕਰ ਉਸ ਦੇ ਰਿਸ਼ਤੇਦਾਰ ਹੀ ਐਡ ਸਨ। ਉਸ ਦੀ ਸਹੇਲੀ ਨੇ ਉਸ ਨੂੰ ਇੱਕ ਗਰੁੱਪ ਵਿੱਚ ਵੀ ਐਡ ਕਰ ਦਿੱਤਾ। ਉਸ ਗਰੁੱਪ ਵਿੱਚ ਇੱਕ ਮੁੰਡਾ ਹਰ ਰੋਜ਼ ਵਧੀਆ ਪੋਸਟਾਂ ਪਾਉਂਦਾ ਸੀ ਤੇ ਉਸ ਨੂੰ ਉਸ ਮੁੰਡੇ ਦੀਆ ਹੀ ਪੋਸਟਾਂ ਵਧੀਆ ਲੱਗਦੀਆਂ ਸਨ।
ਹੌਲੀ-ਹੌਲੀ ਉਸ ਮੁੰਡੇ ਨਾਲ ਉਸ ਦੀ ਫੇਸਬੁੱਕ ‘ਤੇ ਗੱਲਬਾਤ ਹੋਣ ਲੱਗੀ ਹੈ। ਉਹ ਮੁੰਡਾ ਉਸ ਨੂੰ ਇੱਜ਼ਤਦਾਰ ਲੱਗਿਆ ਤੇ ਉਸ ਮੁੰਡੇ ਨਾਲ ਇੰਨਾ ਪਿਆਰ ਪੈ ਗਿਆ ਕਿ ਲਵ ਮੈਰਿਜ ਕਰਵਾਉਣ ਲਈ ਵੀ ਸੋਚ ਲਿਆ। ਅੱਜ ਮੁੰਡੇ ਨੇ ਉਸ ਨੂੰ ਮੈਸੇਜ ਕੀਤਾ।
ਹੈਲੋ …. Dear ਤੁਸੀਂ ਅੱਜ ਮੈਨੂੰ ਤਾਜ ਹੋਟਲ ਵਿੱਚ ਮਿਲ ਸਕਦੇ ਹੋ ਮੈਂ ਤੁਹਾਡਾ ਇੰਤਜ਼ਾਰ ਕਰਾਂਗਾ। ਉਸ ਨੇ ਸੋਚਿਆ ਚੱਲੋ ਫਿਰ ਕੀ ਮਿਲਣ ਹੀ ਜਾਣਾ ਏ ਕਿਹੜਾ ਅੱਜ ਹੀ ਵਿਆਹ ਕਰਵਾ ਲੈਣਾ ਹੈ। ਇਹ ਸੋਚ ਕੇ ਮੁੰਡੇ ਦੇ ਦੱਸੇ ਪਤੇ ਤਾਜ ਹੋਟਲ ਵਿੱਚ ਪਹੁੰਚ ਗਈ। ਉਨ੍ਹਾਂ ਦੋਵਾਂ ਨੇ ਬੈਠ ਕੇ ਕੌਫ਼ੀ ਪੀਤੀ ਤੇ ਦੋਨੋਂ ਇੱਕ ਦੂਸਰੇ ਤੋਂ ਜਾਣੂ ਹੋ ਗਏ। ਪਰ ਨਵ ਦੇ ਪੈਰਾਂ ਹੇਠੋਂ ਜ਼ਮੀਨ ਤਾਂ ਉਦੋਂ ਖਿਸਕ ਗਈ ਜਦੋਂ ਉਸ ਨੇ ਨਵ ਦੇ ਹੱਥ ‘ਤੇ ਅਪਣਾ ਹੱਥ ਰੱਖ ਕੇ ਕਿਹਾ, ‘….Dear ਇੱਥੇ ਸਾਰਿਆਂ ਦੇ ਸਾਹਮਣੇ ਉਹ ਗੱਲ ਨਹੀਂ ਹੋਣੀ ਆਪਣੀ ਜੋ ਮੈਂ ਕਰਨੀ ਚਾਹੁੰਦਾ ਹਾਂ ਕਿਉਂ ਨਾ ਆਪਾ ਹੋਟਲ ਦੇ ਕਿਸੇ ਕਮਰੇ ਵਿੱਚ ਚੱਲੀਏ..?’
ਨਵ ਨੇ ਉਸ ਨੂੰ ਕਿਹਾ, ‘ਪਲੀਜ਼ ਮੈਨੂੰ ਘਰ ਜਾਣ ਦਿਓ’ ਤੇ ਉੱਥੋਂ (ਹੋਟਲ ਵਿੱਚੋਂ) ਉੱਠ ਬਸ ਸਟੈਂਡ ਤੋਂ ਆਪਣੇ ਘਰ ਵਾਲੀ ਬਸ ਫੜੀ। ਸਾਰੇ ਰਾਸਤੇ ਵਿੱਚ ਨਵ ਸੋਚਦੀ ਗਈ ਕਿ, ‘ਕੀ, ਇਹ ਸਭ ਠੀਕ ਸੀ..?’ ਘਰ ਜਾਂਦਿਆਂ ਹੀ ਬਾਪੂ ਦੇ ਗਲ ਲੱਗ ਰੋਣ ਲੱਗੀ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਨਵ ਦਾ ਬਾਪੂ ਉਸ ਦੀ ਮਾਂ ਜੀ ਨੂੰ ਕਹਿੰਦਾ, ਬਚਨੋ ਜਾ ਦੇਖ ਤਾਂ ਕੁੜੀ ਨੂੰ ਕੀ ਹੋਇਆ ਪੁੱਛ ਉਹ ਨੂੰ।’
ਨਵ ਦੀ ਮਾਂ ਕਮਰੇ ਵਿੱਚ ਆਈ ਉਸ ਨੇ ਪੁੱਛਿਆ, ‘ਧੀਏ ਕੀ ਗੱਲ ਏ..?’
‘ਮਾਂ ਮੈਨੂੰ ਮੁਆਫ਼ ਕਰੀ ਸਾਰੀ ਗ਼ਲਤੀ ਹੀ ਮੇਰੀ ਸੀ, ਮੈਂ ਨਾ ਉਸ ਨਾਲ ਗੱਲ ਕਰਦੀ ਨਾ ਉਸ ਦੇ ਦੱਸੇ ਪਤੇ ‘ਤੇ ਪਹੁੰਚ ਦੀ ਮਾਂ ਮੈਂ ਤੁਹਾਨੂੰ ਵੀ ਬਿਨਾਂ ਦੱਸੇ ਚਲੀ ਗਈ ਸੀ।’ ਨਵ ਨਾਲ ਜੋ ਬੀਤਿਆ ਸਭ ਦੱਸ ਦਿੱਤਾ।
ਮਾਂ ਜੀ ਨੇ ਬਾਪੂ ਜੀ ਨੂੰ ਵੀ ਕਮਰੇ ਵਿੱਚ ਬੁਲਾ ਲਿਆ ਸਾਰੀ ਗੱਲ ਸੁਣ ਮਾਂ ਜੀ ਨੇ ਕਿਹਾ, ‘ਧੀਏ ਇਹ ਦੁਨੀਆ ਬਹੁ ਰੰਗੀ ਏ ਉੱਪਰੋਂ ਕੁੱਝ ਹੋਰ ਏ ਅੰਦਰੋਂ ਕੁੱਝ ਹੋਰ ਏ ਧੀਏ ਕੋਈ ਵੀ ਮਾਂ-ਪਿਉ ਆਪਣੇ ਧੀ-ਪੁੱਤ ਲਈ ਮਾੜਾ ਜੀਵਨ ਸਾਥੀ ਨਹੀਂ ਲੱਭਦਾ ਅਤੇ ਨਾ ਹੀ ਆਪਣੇ ਧੀ-ਪੁੱਤ ਲਈ ਮਾੜਾ ਸੋਚਦਾ। ਕੋਈ ਗੱਲ ਨਹੀਂ ਧੀਏ ਨਿਆਣੀ ਉਮਰੇ ਗ਼ਲਤੀ ਹੋ ਹੀ ਜਾਂਦੀ ਏ ਨਾਲੇ ਪੁੱਤ ਤੂੰ ਕਿਹੜਾ ਆਪਣੀ ਇੱਜ਼ਤ ਰੋਲ ਆਈ ਚੱਲ ਛੱਡ ਪੁੱਤ ਉੱਠ ਕੋਈ ਕੰਮ ਕਾਰ ਕਰਦੇ ਹਾਂ।’ ਕੋਲ ਖੜੇ ਬਾਪੂ ਨੇ ਵੀ ਆਪਣੀ ਧੀ ਨੂੰ ਕਿਹਾ, ‘ਧੀਏ ਮੈਨੂੰ ਤੇਰੇ ‘ਤੇ ਮਾਣ ਹੀ ਨਹੀਂ ਰੱਬ ਨਾਲੋਂ ਵੱਧ ਵਿਸ਼ਵਾਸ ਵੀ ਤੇਰੇ ‘ਤੇ ਹੀ ਹੈ ਧੀਏ।’
ਉਸ ਦਿਨ ਨਵ ਸਾਰੀ ਰਾਤ ਸੋਚਦੀ ਰਹੀ ਕਿ ਜੋ ਵੀ ਕਹਾਣੀਆਂ ਲਿਖ ਕੇ ਪੋਸਟ ਕਰਦੇ ਹਨ ਉਨ੍ਹਾਂ ਦਾ ਸੰਬੰਧ ਸਾਡੀ ਨਿੱਜੀ ਜ਼ਿੰਦਗੀ ਨਾਲ ਜ਼ਰੂਰ ਹੁੰਦਾ ਹੈ। ਦੋਸਤੋ ਜੋ ਵੀ ਕਰਨਾ ਆਪਣੇ ਮਾਂ-ਪਿਉ ਨੂੰ ਪੁੱਛ ਕੇ ਹੀ ਕਰੋ ਕਿਉਂਕਿ ਉਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਤੁਹਾਡੇ ‘ਤੇ ਉਨ੍ਹਾਂ ਦਾ ਪੂਰਾ ਹੱਕ ਹੈ।
ਲੇਖਕ – ਹਰਪ੍ਰੀਤ ਸਿੰਘ ਮਾਹੀ