ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 5 ਨਵੇਂ ਕੇਸ, 2 ਮੈਨੇਜਡ ਆਈਸੋਲੇਸ਼ਨ ਤੇ 3 ਕਮਿਊਨਿਟੀ ਕਲੱਸਟਰ ਦੇ ਹਨ

ਵੈਲਿੰਗਟਨ, 2 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 5 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 2 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਹਨ ਅਤੇ ਬਾਕੀ 3 ਦਾ ਸੰਬੰਧ ਆਕਲੈਂਡ ਕਮਿਊਨਿਟੀ ਕਲੱਸਟਰ ਨਾਲ ਹੈ।
ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਕਮਿਊਨਿਟੀ ‘ਚੋਂ 3 ਨਵੇਂ ਕੇਸ ਦਾ ਸੰਬੰਧ ਮਾਊਂਟ ਰੋਸਕਿਲ ਮਿੰਨੀ ਕਲੱਸਟਰ ਦੇ ਨਾਲ ਹੈ, ਜੋ ਸਾਰੇ ਸੈਲਫ-ਆਈਸੋਲੇਸ਼ਨ ਵਿੱਚ ਹਨ। ਜਦੋਂ ਕਿ ਵਿਦੇਸ਼ ਤੋਂ ਵਾਪਸ ਨਿਊਜ਼ੀਲੈਂਡ ਪਰਤਿਆਂ ਦੇ ਵਿੱਚੋਂ 2 ਨਵੇਂ ਕੇਸ ਆਏ ਹਨ, ਜਿਨ੍ਹਾਂ ‘ਚ 1 ਬੱਚਾ ਹੈ, ਜੋ ਉਜ਼ਬੇਕਿਸਤਾਨ ਤੋਂ ਦੁਬਈ ਦੇ ਰਸਤੇ 28 ਅਗਸਤ ਨੂੰ ਪਹੁੰਚਿਆ ਸੀ। ਦੂਜਾ ਕੇਸ ਇੱਕ 30 ਸਾਲਾਂ ਦੀ ਔਰਤ ਦਾ ਹੈ, ਜੋ 28 ਅਗਸਤ ਨੂੰ ਹੀ ਦੁਬਈ ਤੋਂ ਆਈ ਸੀ।
ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 129 ਹੋ ਗਈ ਹੈ। ਜਿਨ੍ਹਾਂ ਵਿੱਚ 94 ਕੇਸ ਕਮਿਊਨਿਟੀ ਦੇ ਹਨ, ਜਦੋਂ ਕਿ 35 ਵਿਦੇਸ਼ਾਂ ਤੋਂ ਵਾਪਸ ਪਰਤਿਆਂ ਦੇ ਹਨ। ਦੇਸ਼ ਵਿੱਚ ਕੋਵਿਡ -19 ਤੋਂ 8 ਵਿਅਕਤੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਕਲੱਸਟਰ ਨਾਲ ਜੁੜੇ ਲੋਕਾਂ ਦੀ ਕੁੱਲ ਗਿਣਤੀ ਹੁਣ 149 ਹੈ, ਜਿਨ੍ਹਾਂ ਵਿੱਚੋਂ 56 ਰਿਕਵਰ ਹੋਈ ਹੈ। ਕੱਲ੍ਹ ਲੈਬ ਵੱਲੋਂ 10,934 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 777,560 ਟੈੱਸਟ ਪੂਰੇ ਹੋ ਗਏ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1757 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,406 ਕੰਨਫ਼ਰਮ ਤੇ 351 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1606 ਹੈ, ਦੇਸ਼ ਵਿੱਚ ਕੋਵਿਡ -19 ਤੋਂ 8 ਹੋਰ ਵਿਅਕਤੀ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 129 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 7 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਦੇਖਭਾਲ (ICU) ਵਿੱਚ ਹਨ। ਦੇਸ਼ ‘ਚ ਮੌਤਾਂ ਦੀ ਗਿਣਤੀ 22 ਹੀ ਹੈ।