ਬਾਇਰਨ ਨੇ ਪੀਐੱਸਜੀ ਨੂੰ ਹਰਾ ਕੇ 6ਵੀਂ ਵਾਰ ਜਿੱਤਿਆ ਯੂਰੋਪੀਅਨ ਕੱਪ

ਲਿਸਬਨ (ਪੁਰਤਗਾਲ), 31 ਅਗਸਤ – ਇੱਥੇ 24 ਅਗਸਤ ਦਿਨ ਸੋਮਵਾਰ ਨੂੰ ਦਰਸ਼ਕਾਂ ਦੀ ਗ਼ੈਰਮੌਜੂਦਗੀ ਵਿੱਚ ਖੇਡੇ ਚੈਂਪੀਅਨਜ਼ ਲੀਗ ਫੁੱਟਬਾਲ ਦੇ ਪਹਿਲੇ ਫਾਈਨਲ ਮੁਕਾਬਲੇ ਵਿੱਚ ਕਿੰਗਸਲੇ ਕੋਮੈਨ ਵੱਲੋਂ 59ਵੇਂ ਮਿੰਟ ਵਿੱਚ ਕੀਤੇ ਗੋਲ ਦੀ ਮਦਦ ਨਾਲ ਬਾਇਰਨ ਮਿਊਨਿਖ ਨੇ ਪੈਰਿਸ ਸੇਂਟ ਜਰਮੇਟ (ਪੀਐੱਸਜੀ) ਨੂੰ 1-0 ਨਾਲ ਹਰਾ ਕੇ 6ਵੀਂ ਵਾਰ ਯੂਰੋਪੀਅਨ ਕੱਪ ਦਾ ਖ਼ਿਤਾਬ ਜਿੱਤ ਲਿਆ। ਬਾਇਰਨ ਦੀ ਚੈਂਪੀਅਨਜ਼ ਲੀਗ ਵਿੱਚ 2013 ਮਗਰੋਂ ਇਹ ਪਹਿਲੀ ਖ਼ਿਤਾਬੀ ਜਿੱਤ ਹੈ, ਜਦੋਂ ਕਿ ਪਿਛਲੇ 9 ਸਾਲਾਂ ਵਿੱਚ ਖਿਡਾਰੀਆਂ ‘ਤੇ ਇਕ ਅਰਬ ਡਾਲਰ ਤੋਂ ਵੱਧ ਦੀ ਰਾਸ਼ੀ ਲਾਉਣ ਦੇ ਬਾਵਜੂਦ ਪੀਐੱਸਜੀ ਨੂੰ ਅਜੇ ਵੀ ਪਲੇਠੇ ਯੂਰੋਪੀਅਨ ਕੱਪ ਦੀ ਉਡੀਕ ਹੈ। ਪੀਐੱਸਜੀ ਨੇ ਨੇਮਾਰ, ਕਾਇਲਿਨ ਮਬਾਪੇ ਤੇ ਐਂਜੀ ਡੀ ਮਾਰੀਆ ਜਿਹੇ ਖਿਡਾਰੀਆਂ ‘ਤੇ 50 ਕਰੋੜ ਤੋਂ ਵੱਧ ਦੀ ਰਾਸ਼ੀ ਖ਼ਰਚ ਕੀਤੀ ਹੈ।