ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ

1 ਮਈ ਮਜ਼ਦੂਰਾਂ ਦਾ ਕੌਮਾਂਤਰੀ ਦਿਵਸ ਹੈ ਤੇ ਅੰਤਰਰਾਸ਼ਟੀ ਪੱਧਰ ਤੇ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆਂ ਭਰ ਦੇ ਮਜ਼ਦੂਰਾਂ ਲਈ ਇੱਕ ਦਿਨ ਵਿੱਚ 8 ਘੰਟੇ ਕੰਮ ਕਰਨ ਦੇ ਕਾਨੂੰਨ ਨਾਲ ਸੰਬੰਧਤ ਹੈ। ਜੋ ਅੱਜ ਦੇ ਦੌਰ ਵਿੱਚ ਕਾਮੇ ਇਸ ਦਾ ਲਾਭ ਲੈ ਰਹੇ ਹਨ। ਪਰ 8 ਘੰਟੇ ਕੰਮ ਕਰਨ ਦੇ ਪਿੱਛੇ ਇਕ ਖੂਨੀ ਇਤਿਹਾਸ ਛੁੱਪਿਆ ਹੋਇਆ ਹੈ। ਇਹ ਐਵੈਂ ਹੀ ਕਿਸੇ ਨੇ ਸਾਨੂੰ ਥਾਲੀ ‘ਚ ਪਰੋਸ ਕੇ ਨਹੀਂ ਦਿੱਤਾ। ਅਮਰੀਕਾ ਸਮੇਤ ਕਈ ਦੇਸ਼ਾਂ ਦੇ ਵਿੱਚ ਮਜ਼ਦੂਰ ਤੋਂ ਇਕ ਦਿਨ ਵਿੱਚ ਲਗਭਗ 15-16 ਘੰਟੇ ਕੰਮ ਲਿਆ ਜਾਂਦਾ ਸੀ। ਭਾਰਤ ਦੀ ਸਥਿਤੀ ਇਸ ਤੋਂ ਵੀ ਗੰਭੀਰ ਸੀ। ਕਮਿਊਨਿਜ਼ਮ ਦਾ ਜਨਮ ਦਾਤਾ ਕਾਰਲ ਮਾਰਕਸ ਜਿਸ ਨੇ 1848 ਵਿੱਚ “ਕਮਿਊਨਿਸਟ ਮੈਨੀਫੈਸਟੋ” ਵਿੱਚ ਇਹ ਐਲਾਨ ਕੀਤਾ ਕਿ, “ਇਤਿਹਾਸਕ ਪਦਾਰਥਵਾਦ ਦੀ ਰੋਸ਼ਨੀ ਵਿੱਚ ਪੂੰਜੀਵਾਦੀ ਪ੍ਰਬੰਧ ਵਿੱਚ ਮਜ਼ਦੂਰ ਜਮਾਤ ਆਪਣੇ ਘੋਲਾਂ ਰਾਹੀਂ ਇਸ ਦਾ ਖਾਤਮਾ ਕਰੇਗੀ।” ਇਸ ਤੋਂ ਬਾਅਦ ਦੁਨੀਆਂ ਭਰ ਵਿੱਚ ਮਜ਼ਦੂਰ ਯੂਨੀਅਨਾਂ ਸਥਾਪਿਤ ਹੋਈਆਂ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ 1 ਮਈ 1886 ਵਿੱਚ ਮਜ਼ਦੂਰਾਂ ਨੇ ਇੱਕ ਇਕੱਠ ਕਰਕੇ ਇੱਕ ਦਿਨ ਵਿੱਚ ੮ ਘੰਟੇ ਦਾ ਹੱਕ ਲੈਣ ਲਈ ਹੜਤਾਲ ਕਰਨ ਦੀ ਯੋਜਨਾ ਬਣਾਈ। ਪੂੰਜੀਵਾਦੀਆਂ ਦੇ ਜਾਂ ਕਹਿ ਲਓ ਫੈਕਟਰੀ ਮਾਲਕਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਤੇ ਉਨ੍ਹਾਂ ਨੇ ਉੱਥੇ ਪੁਲਿਸ ਦੀ ਮਦਦ ਦੇ ਨਾਲ ਸ਼ਿਕਾਗੋ ਦੀ ਹੈਅ ਮਾਰਕਿਟ ਸਕਿਊਰ ਵਿੱਚ ਮਜ਼ਦੂਰਾਂ ਤੇ ਪੁਲਿਸ ਦੀ ਮਦਦ ਨਾਲ ਗੋਲੀ ਚਲਾਈ। ਮਜ਼ਦੂਰਾਂ ਤੇ ਪੁਲਿਸ ਦੇ ਵਿੱਚ ਖੂਨੀ ਝੜਪਾਂ ਹੋਈਆਂ। ਇੱਕ ਔਰਤ ਦੀ ਗੋਦ ਵਿੱਚ ਪਏ ਹੋਏ ਬੱਚੇ ਦੇ ਵਿੱਚ ਵੀ ਗੋਲੀਆਂ ਵੱਜੀਆਂ। ਮਜ਼ਦੂਰਾਂ ਦੇ ਹੱਥ ਵਿੱਚ ਚਿੱਟਾ ਝੰਡਾ ਸੀ ਤੇ ਉਹ ਝੰਡਾ ਮਾਂ ਨੇ ਆਪਣੇ ਬੱਚੇ ਦੇ ਸਰੀਰ ਨਾਲ ਲਪੇਟ ਦਿੱਤਾ ਜਿਸ ਦਾ ਰੰਗ ਲਾਲ ਹੋ ਗਿਆ। ਤੇ ਉੱਥੇ ਇਕ ਹੋਰ ਔਰਤ ਨੇ ਆਪਣੇ ਸਿਰ ਦਾ ਲਾਲ ਸਕਾਰਫ ਝੰਡੇ ਦੀ ਤਰ੍ਹਾਂ ਲਹਿਰਾ ਦਿੱਤਾ। ਉਸ ਤੋਂ ਬਾਅਦ ਇਨਕਲਾਬ ਦੇ ਝੰਡੇ ਦਾ ਰੰਗ ਲਾਲ ਹੋ ਗਿਆ ਤੇ ਇਹ ਕੁਰਬਾਨੀ ਦਾ ਝੰਡਾ ਬਣ ਗਿਆ। ਭਾਰਤ ਦੀ ਅਜ਼ਾਦੀ ਲਈ ਮਰ ਮਿਟਣ ਵਾਲੇ ਸ਼ਹੀਦ ਭਗਤ ਸਿੰਘ ਨੇ ਆਪਣੇ ਸਿਰਲੇਖ ਹੇਠ, “ਕੰਮ ਕਰਨ ਦੇ ਘੰਟੇ ਜ਼ਰੂਰਤ ਮੁਤਾਬਿਕ ਘੱਟ ਕਰਨਾ ਹੈ” ਪ੍ਰੋੜਤਾ ਕੀਤੀ।
ਉਸ ਤੋਂ ਬਾਅਦ ਕਾਰਲ ਮਾਰਕਸ ਨੇ ਆਪਣੀ ਕਿਤਾਬ “ਦੀ ਕੈਪੀਟਲ’ ਦੇ ਪਹਿਲੇ ਹਿੱਸੇ ਵਿੱਚ 1867 ਵਿੱਚ ਕੰਮ ਦੇ ਘੰਟੇ 1 ਦਿਨ ਵਿੱਚ 8 ਘੰਟੇ ਕਰਨ ਲਈ ਕਿਹਾ। ਸ਼ਿਕਾਗੋ ਦੀ ਘਟਨਾ ਤੋਂ ਬਾਅਦ ਵੱਖਰੇ ਵੱਖਰੇ ਦੇਸ਼ਾਂ ਵਿੱਚ 1 ਦਿਨ ਵਿੱਚ 8 ਘੰਟੇ ਕੰਮ ਕਰਨ ਦੀ ਮੰਗ ਮਜ਼ਦੂਰਾਂ ਵੱਲੋਂ ਜ਼ੋਰ ਫੜ ਗਈ। ਇਸ ਤੋਂ ਬਾਅਦ ਪੈਰਿਸ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨਾਂ ਵੱਲੋਂ 1 ਮਈ ਨੂੰ ਲੇਬਰ ਡੇਅ ਮਨਾਉਣ ਦਾ ਫੈਸਲਾ ਕੀਤਾ ਗਿਆ ਜੋ ਕਿ ਅੱਜ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਵਿੱਚ ਵੀ ਲੇਬਰ ਡੇਅ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਕਾਰਲ ਮਾਰਕਸ ਦੇ ਫਲਸਫੇ ਨਾਲ ਰੂਸ ਦੇ ਨਾਲ-ਨਾਲ ਵਿਅਤਨਾਮ, ਕਿਊਬਾ ਅਤੇ ਚੀਨ ਵਿੱਚ ਵੀ ਇਨਕਲਾਬ ਆਇਆ। ਬੇਸ਼ਕ ਉਸ ਦੇ ਫਲਸਫੇ ਵਿੱਚ ਸਮਿਆਂ ਮੁਤਾਬਕ ਤਬਦੀਲੀਆਂ ਤੇ ਵਿਕਾਸ ਕੀਤਾ ਗਿਆ ਪਰ ਮੈਨੂੰ ਹੈਰਾਨਗੀ ਉਸ ਵੇਲੇ ਹੋਈ ਜਦੋਂ ਸਾਡੇ ਪੰਜਾਬ ਦੇ ਧਰਮ ਪ੍ਰਚਾਰਕ ਨੇ ਕਾਰਲ ਮਾਰਕਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਮੂਰਖ ਕਿਹਾ। ਇਹੋ ਜਿਹੇ ਪ੍ਰਚਾਰਕ ਸੁਰਮਾਏਦਾਰੀ ਦਾ ਇਕ ਹਿੱਸਾ ਬਣ ਕੇ ਚੱਲ ਰਹੇ ਹਨ। ਪੂੰਜੀਵਾਦ ਦਾ ਸਭ ਤੋਂ ਵੱਧ ਫਾਇਦਾ ਵਰਗ ਵੰਡ ਵਿੱਚ ਹੈ। ਬੇਸ਼ੱਕ ਉਹ ਵੰਡ ਧਰਮ ਦੀ ਹੋਵੇ, ਜਾਤ ਦੀ, ਭਾਸ਼ਾ ਦੀ ਜਾਂ ਸੱਭਿਆਚਾਰ ਦੀ। ਪਰ ਇਸ ਦੇ ਉਲਟ ਸਮਾਜਵਾਦ ਵਰਗਾਂ ਨੂੰ ਇੱਕਠਿਆਂ ਕਰਕੇ ਵੇਖਦਾ ਹੈ ਤੇ ਜਮਾਤੀ ਸੰਘਰਸ਼ ਨੂੰ ਅੱਗੇ ਵਧਾਉਂਦਾ ਹੈ ਪਰ ਇੱਥੇ ਧਰਮ ਤੇ ਵਰਗਾਂ ਦੀ ਵੰਡ ਜਮਾਤੀ ਸੰਘਰਸ਼ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਹੈ। ਹਾਲਾਂਕਿ ਕੁੱਝ ਧਰਮਾਂ ਦਾ ਫਲਸਫਾ ਸਮਾਜਵਾਦੀ ਹੈ।
ਖੈਰ! ਅਜੋਕੇ ਦੋਰ ਵਿੱਚ ਅਸੀਂ ਬਾਹਰਲੇ ਦੇਸ਼ਾਂ ਵਿੱਚ ਬੈਠਿਆਂ ਸ਼ਿਕਾਗੋ ਦੇ ਉਨ੍ਹਾਂ ਮਜ਼ਦੂਰ ਸ਼ਹੀਦਾਂ ਦੇ ਸੰਘਰਸ਼ ਦੀ ਬਾਬਤ ਦਿਨ ਵਿੱਚ ੮ ਘੰਟੇ ਦੀ ਕਾਨੂੰਨੀ ਮਾਨਤਾ ਦਾ ਆਨੰਦ ਮਾਣ ਰਹੇ ਹਾਂ। ਇਹ ਉਨ੍ਹਾਂ ਮਜ਼ਦੂਰਾਂ, ਭੈਣ-ਭਰਾਵਾਂ ਦੀ ਸ਼ਹਾਦਤ ਦਾ ਹੀ ਨਤੀਜਾ ਹੈ। ਜਿਨ੍ਹਾਂ ਨੇ ਇਸ ਮਹਾਨ ਉਦੇਸ਼ ਲਈ ਹਿੱਕਾਂ ਉੱਤੇ ਗੋਲੀਆਂ ਖਾਧੀਆਂ। ਜਦ ਤੱਕ ਸਾਮਰਾਜਵਾਦੀ ਲੁੱਟ ਹੁੰਦੀ ਰਹੇਗੀ ਉਦੋਂ ਤੱਕ ਮਜ਼ਦੂਰ ਅਤੇ ਆਮ ਲੋਕ ਇਨਕਲਾਬ ਕਰਦੇ ਰਹਿਣਗੇ। ਭਾਰਤ ਵਰਗੇ ਦੇਸ਼ ਵਿੱਚ ਇਹ ਲਹਿਰ ਕਲਕੱਤਾ ਤੋਂ ਅਤੇ ਮੁੰਬਈ ਤੋਂ ਉੱਠੀ। ਜਿੱਥੇ ਮਜ਼ਦੂਰਾਂ ਤੋਂ ਹੀ ਨਹੀਂ ਉਸ ਦੇ ਪਰਿਵਾਰ ਦੇ ਬੱਚਿਆਂ ਤੋਂ ਵੀ 13-14 ਘੰਟੇ ਤੱਕ ਦਾ ਕੰਮ ਲਿਆ ਜਾਂਦਾ ਸੀ। ਫਿਰ ਅੰਗਰੇਜ਼ ਨੇ ੧੮੮੧ ਵਿੱਚ ਫੈਕਟਰੀ ਐਕਟ ਦੇ ਤਹਿਤ ੭ ਸਾਲ ਤੋ ਹੇਠਾਂ ਦੇ ਬੱਚਿਆਂ ਦੇ ਰੋਕ ਲਾ ਦਿੱਤੀ ਤੇ 7-12 ਸਾਲ ਦੇ ਬੱਚਿਆਂ ਤੋਂ 9-9 ਘੰਟੇ ਕੰਮ ਲੈਣਾ ਸ਼ੁਰੂ ਕਰ ਦਿੱਤਾ। ਕਈ ਭਾਰਤੀ ਲੋਕ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਅੰਗਰੇਜ਼ ਨੇ ਭਾਰਤ ਨੂੰ ਬਹੁਤ ਕੁੱਝ ਦਿੱਤਾ। ਵਿਸ਼ਾ ਲੰਬਾ ਹੈ ਪਰ ਐਨਾਂ ਕਹਿਣਾ ਜ਼ਰੂਰ ਚਾਹਾਂਗਾ ਕਿ ਅੰਗਰੇਜ਼ ਸਾਮਰਾਜ ਨੇ ਜੋ ਵੀ ਭਾਰਤ ਲਈ ਕੀਤਾ ਉਨ੍ਹਾਂ ਦੀ ਉਹ ਆਪਣੀ ਲੋੜ ਸੀ ਤਾਂਕਿ ਭਾਰਤ ਦੇ ਲੋਕਾਂ ਦੀ ਲੁੱਟ ਨੂੰ ਸੋਖਿਆਂ ਕੀਤਾ ਜਾਵੇ। ਇਹ ਗੱਲ ਮੈਂ ਵੀ ਸਮਝਦਾ ਹਾਂ ਕਿ ਭਾਰਤੀ ਲੋਕ ਅਖੌਤੀ ਅਜ਼ਾਦੀ ਦੇ ਸ਼ਬਦ ਤੋਂ ਤੰਗ ਹੋ ਕੇ ਸ਼ਾਇਦ ਇਹ ਗੱਲ ਕਰਦੇ ਹਨ ਕਿਉਂਕਿ ਅਜ਼ਾਦੀ ਸਹੀ ਅਰਥਾਂ ਵਿੱਚ ਉੱਥੇ 20 ਤੋਂ 25 ਕਰੋੜ ਲੋਕਾਂ ਦੇ ਹੱਥ ਆਈ ਹੈ। ਹਾਲ ਹੀ ਵਿੱਚ ਆਈ ਇਕ ਅਰਜੁਨ ਸਿੰਘ ਦੀ ਰਿਪੋਰਟ ਅਨੁਸਾਰ 77%  ਭਾਰਤ ਦੇ ਲੋਕ 20 ਰੁਪਏ ਉੱਤੇ ਗੁਜ਼ਾਰਾ ਕਰ ਰਹੇ ਹਨ। ਕਿਉਂਕਿ ਆਪਣੇ ਹੀ ਲੋਕਾਂ ਨੇ ਭਾਰਤ ਨੂੰ ਅੰਗਰੇਜ਼ਾਂ ਵਾਲਾ ਹੀ ਰਾਜ਼ ਦਿੱਤਾ। ਫਿਰ ਮਜ਼ਦੂਰਾਂ ਨੇ ਹੜਤਾਲ ਜੋ 13 ਜੁਲਾਈ, 1908 ਵਿੱਚ ਹੋਈ ਜਿਨ੍ਹਾਂ ਮਜ਼ਦੂਰਾਂ ਨੇ ਬਾਲ ਗੰਗਾਧਰ ਤਿਲਕ ਦਾ ਵਿਰੋਧ ਕੀਤਾ ਤੇ ਫਿਰ ਗਾਂਧੀ ਦਾ ਦੂਸਰਾ ਸਤਿਆ ਗ੍ਰਹਿ ਅਹਿਮਦਾਬਾਦ ਦੀ ਕੱਪੜਾ ਮਿੱਲ ਤੋਂ ਸ਼ੁਰੂ ਹੋਇਆ। 1916 ਵਿੱਚ ਜਿੱਥੇ ਪਲੇਗ ਦੇ ਕਰਕੇ ਅਹਿਮਦਾਬਾਦ ਦੇ ਮਿਲ ਮਾਲਕਾਂ ਨੇ ਬੋਨਸ ਦੇਣ ਦਾ ਫੈਸਲਾ ਕੀਤਾ ਜਿਹੜਾ ਕਿ ਮਜ਼ਦੂਰਾਂ ਨੂੰ 70% ਤੋਂ ਵੀ ਉੱਤੇ ਹੋ ਗਿਆ। 1914 ਤੋਂ ਲੈ ਕੇ 1918 ਵਿੱਚ ਕੀਮਤਾਂ ਇਕ ਦਮ ਵਧੀਆਂ ਤੇ ਮਜ਼ਦੂਰਾਂ ਦੀ ਹਾਲਤ ਬਹੁਤ ਵਿਗੜ ਗਈ। ਫਿਰ ਮਜ਼ਦੂਰਾਂ ਨੇ ਮਾਲਕਾਂ ਕੋਲੋਂ ਆਪਣੀ ਮਜ਼ਦੂਰੀ ਦਾ 50% ਵਾਧੇ ਦੀ ਮੰਗ ਕੀਤੀ ਤੇ ਗਾਂਧੀ ਨੇ ਘਟਾ ਕੇ ਇਸ ਨੂੰ ੩੫% ਕਰਨ ਦਾ ਮਜ਼ਦੂਰਾਂ ਨੂੰ ਉਪਦੇਸ਼ ਦਿੱਤਾ। ਉਸ ਵੇਲੇ ਅੰਬਾਰਾਮ ਦੀ ਭੈਣ ਅਨੁਸੂਈਆ ਸਾਰਾਭਾਈ ਤੇ ਗਾਂਧੀ ਮਜ਼ਦੂਰਾਂ ਦੇ ਪ੍ਰਮੁੱਖ ਨੇਤਾ ਸਨ। ਗਾਂਧੀ ਨੇ ਮਿਲ ਮਾਲਕਾਂ ਨਾਲ ਮਿਲ ਕੇ ਮਜ਼ਦੂਰਾਂ ਨੂੰ ਸਿਰਫ ਤੇ ਸਿਰਫ ੨੭.੩% ਦਾ ਵਾਧਾ ਦੁਆ ਦਿੱਤਾ। ਜਿਹੜਾ ਕਿ ਮਿੱਲ ਮਾਲਕ 20% ਵਾਧਾ ਦੇਣ ਦੇ ਲਈ ਪਹਿਲਾਂ ਹੀ ਤਿਆਰ ਸਨ ਤੇ ਗਾਂਧੀ ਨੇ ਇਸ ਨੂੰ ਦੋਹਾਂ ਪਾਸਿਆਂ ਦੀ ਜਿੱਤ ਦੱਸਿਆ।
ਨਿਊਜ਼ੀਲੈਂਡ ਵਿੱਚ ਮਜ਼ਦੂਰਾਂ ਨੇ ਇਕ ਦਿਨ ਵਿੱਚ 8 ਘੰਟੇ ਕੰਮ ਕਰਨ ਲਈ ਸੰਘਰਸ਼ ਲੜਿਆ। ਇਹ ਸੰਘਰਸ਼ 1840 ਵਿੱਚ ਵਲਿੰਗਟਨ ਦੀ ਕਲੋਨੀ ਤੋਂ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਕਾਰਪੈਂਟਰ ‘ਸੈਮਿਊਲ ਪਾਰਨਲ’ ਨੇ 8 ਘੰਟੇ ਤੋਂ ਵੱਧ ਕੰਮ ਕਰਨ ਤੋਂ ਮਨਾ ਕਰ ਦਿੱਤਾ ਤੇ ਉਸ ਨੇ ਮਜ਼ਦੂਰਾਂ ਨੂੰ ਮਤਾ ਪਾਸ ਕਰਕੇ 28 ਅਕਤੂਬਰ 1840 ਨੂੰ ਇਕ ਪਰੇਡ ਰਾਹੀਂ ਇਸ ਦੀ ਮੰਗ ਉਠਾਈ। ਤੇ 1899 ਵਿੱਚ ਇਸ ਕਾਨੂੰਨੀ ਮਾਨਤਾ ਪ੍ਰਾਪਤ ਹੋਈ। ਦੁਨੀਆਂ ਭਰ ਦੇ ਆਮ ਲੋਕ ਚਾਹੇ ਕੋਈ ਛੋਟਾ-ਮੋਟਾ ਵਪਾਰ ਹੀ ਕਰਦੇ ਹੋਣ ਜਾਂ ਕਿਸੇ ਕੰਪਨੀ ਜਾਂ ਫੈਕਟਰੀ ਵਿੱਚ ਕੰਮ ਕਰਦੇ ਹੋਣ, ਅਜੋਕੇ ਦੋਰ ਵਿੱਚ ਉਨ੍ਹਾਂ ਦੀ ਹਾਲਤ ਚੰਗੀ ਨਹੀਂ। ਮੈਂ ਇਸ ਨੂੰ Hidden Salvary ਅਦਿੱਖ ਗੁਲਾਮੀ ਮੰਨਦਾ ਹਾਂ। ਜੋ ਇਕ ਆਦਮੀ ਸਵੇਰੇ ਉੱਠ ਕੇ ਸ਼ਾਮ ਤੱਕ ਕੰਮ ਕਰਨ ਤੋਂ ਬਾਅਦ ਵੀ ਚੰਗੀ ਜ਼ਿੰਦਗੀ ਨਹੀਂ ਜੀ ਰਿਹਾ। ਉਸ ਦੀ ਤਨਖਾਹ ਦਾ ਕਾਫੀ ਹਿੱਸਾ ਕਿਸ਼ਤਾਂ ਵਿੱਚ ਜਾ ਰਿਹਾ ਹੈ ਜਾਂ ਕਹਿ ਲਓ ਕਿ ਆਦਮੀ ਕਿਸ਼ਤਾਂ ਵਿੱਚ ਜੀਅ ਰਿਹਾ ਹੈ।
ਖੈਰ! ਪੂੰਜੀਵਾਦੀ ਜਮਾਤ ਵੱਲੋਂ ਕਿਰਤ ਦੀ ਲੁੱਟ ਦਾ ਇਤਿਹਾਸ ਬੜਾ ਲੰਬਾ ਹੈ। ਮੇਰਾ ਵਿਸ਼ਵਾਸ ਹੈ ਕਿ ਜਿੰਨ੍ਹੀਂ ਲੁੱਟ ਤਿੱਖੀ ਹੋਵੇਗੀ, ਜ਼ਬਰ ਤਿੱਖਾ ਹੋਵੇਗਾ, ਵਿਰੋਧ ਵੀ ਉੰਨੇ ਤਿੱਖੇ ਹੋਣਗੇ। ਅਮਰੀਕਾ ਵਰਗੇ ਸਾਮਰਾਜੀ ਮੁਲਕ ਨੂੰ ਆਪਣੀ ਸਾਖ ਬਚਾਉਣ ਲਈ ਹੱਥਾਂ-ਪੈਰਾਂ ਦੀ ਪਈ ਹੋਈ ਹੈ ਤੇ ਨਾਲ ਦੇ ਮਿੱਤਰ ਦੇਸ਼ਾਂ ਦੀ ਵੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ।
ਅਖੀਰ ਦੇ ਵਿੱਚ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਵੱਧ ਤੋਂ ਵੱਧ ੮ ਘੰਟੇ ਕੰਮ ਕਰਨ ਦੀ ਮਾਨਤਾ ਪ੍ਰਾਪਤ ਹੋਈ ਨਾ ਭੁੱਲਣ ਯੋਗ ਹੈ। ਇਕ ਵਾਰੀ ਫਿਰ, ‘ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ।’ ਸਾਥੀ ਕਵੀ ਜਗਤਾਰ ਦੇ ਸ਼ੇਰ ਨਾਲ ਮੁਖਾਤਿਵ ਹਾਂ:-
ਮੌੜ ਮੌੜ ਤੇ ਸਲੀਬਾਂ, ਪੈਰ ਪੈਰ ਤੇ ਹਨੇਰਾ,
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ॥

-ਮੁਖਤਿਆਰ ਸਿੰਘ, 021 827 550