ਮਹਿੰਦਰ ਸਿੰਘ ਧੋਨੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲਿਆ

ਨਵੀਂ ਦਿੱਲੀ, 18 ਅਗਸਤ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 15 ਅਗਸਤ ਦਿਨ ਸ਼ਨਿੱਚਰਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਧੋਨੀ ਨੇ ਇੱਕ ਵੀਡੀਓ ਸੁਨੇਹੇ ਵਿੱਚ ਆਪਣੇ ਕੈਰੀਅਰ ਦੇ ਵੱਖ ਵੱਖ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੇਠਾਂ ਕੈਪਸ਼ਨ ਲਿਖੀ, ‘ਤੁਹਾਡੇ ਵੱਲੋਂ ਦਿੱਤੇ ਪਿਆਰ ਤੇ ਹਮਾਇਤ ਲਈ ਬਹੁਤ ਬਹੁਤ ਧੰਨਵਾਦ। ਅੱਜ 19:29 ਵਜੇ (ਭਾਰਤੀ ਸਮੇਂ ਅਨੁਸਾਰ ਸ਼ਾਮੀ 7.29) ਤੋਂ ਮੈਨੂੰ ਸੇਵਾ ਮੁਕਤ ਹੋਇਆ ਸਮਝ ਲੈਣਾ’।
2 ਵਾਰ ਵਰਲਡ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਰਹੇ ਧੋਨੀ ਨੇ ਹਾਲਾਂਕਿ ਇਸ ਗੱਲ ਦੀ ਬਹੁਤੀ ਤਫ਼ਸੀਲ ਨਹੀਂ ਦਿੱਤੀ ਕਿ ਉਹ ਕ੍ਰਿਕਟ ਨੂੰ ਪੂਰੀ ਤਰ੍ਹਾਂ ਅਲਵਿਦਾ ਆਖ ਰਿਹਾ ਹੈ ਜਾਂ ਫਿਰ ਸਿਰਫ਼ ਇੰਟਰਨੈਸ਼ਨਲ ਕ੍ਰਿਕਟ ਛੱਡ ਰਿਹੈ। ਧੋਨੀ ਇਸ ਵੇਲੇ ਚੇਨੱਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਸਿਖਲਾਈ ਕੈਂਪ ਦਾ ਹਿੱਸਾ ਹੈ। ਉਮੀਦ ਹੈ ਕਿ ਉਹ 19 ਸਤੰਬਰ ਤੋਂ ਯੂਏਈ ਵਿੱਚ ਆਈਪੀਐੱਲ ਦੇ ਹੋਣ ਵਾਲੇ ਮੁਕਾਬਲਿਆਂ ‘ਚ ਉਹ ਟੀਮ ਦੀ ਕਮਾਨ ਸੰਭਾਲੇਗਾ। ਧੋਨੀ ਨੇ ਆਖ਼ਰੀ ਵੰਨ ਡੇਅ ਮੁਕਾਬਲਾ ਸਾਲ 2019 ਦੇ ਵਰਲਡ ਕੱਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ। ਧੋਨੀ ਦੀ ਅਗਵਾਈ ਵਿੱਚ ਭਾਰਤੀ ਕ੍ਰਿਕਟ ਟੀਮ ਨੇ 2007 ਟੀ-20 ਵਰਲਡ ਕੱਪ, 2011 ਦਾ ਵਰਲਡ ਕੱਪ ਅਤੇ 2013 ਚੈਂਪੀਅਨਜ਼ ਟਰਾਫ਼ੀ ਜਿਹੇ ਅਹਿਮ ਖ਼ਿਤਾਬ ਜਿੱਤੇ ਹਨ। ਧੋਨੀ ਨੇ 30 ਦਸੰਬਰ 2014 ਨੂੰ ਟੈੱਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਸੀ।