ਮੁੱਖ ਮੰਤਰੀ ਬਾਦਲ ਨੇ ਢੋਆ-ਢੋਆਈ ਵਾਸਤੇ ਏ. ਸੀ. ਰੇਲ ਗੱਡੀ ਮੰਗੀ

ਚੰਡੀਗੜ੍ਹ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰ ਲਿਖ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਪਾਸੋਂ ਪੰਜਾਬ ਤੋਂ ਦੇਸ਼ ਦੇ ਹੋਰਨਾ ਸੂਬਿਆਂ ਦੀਆਂ ਮੰਡੀਆਂ ਤੱਕ ਫ਼ਲ ਤੇ ਸਬਜ਼ੀਆਂ ਦੀ ਪੈਦਾਵਾਰ ਦੀ ਢੋਆ-ਢੁਆਈ ਪਹੁੰਚ ਕਰਨ ਲਈ ਵਾਤਾਨਕੂਲ ਰੇਲ ਗੱਡੀ ਸ਼ੁਰੂ ਕਰਨ ਲਈ ਸਹਿਯੋਗ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਜਿਣਸ ਦੀ ਵਿਕਰੀ ਵਿੱਚ ਸਹੂਲਤ ਹੋ ਸਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਕੌਮੀ ਬਾਗਬਾਨੀ ਪ੍ਰੋਗਰਾਮ ਤਹਿਤ ਸੂਰਤ ਤੋਂ ਆਗਰਾ ਵਾਇਆ ਨਵੀਂ ਦਿੱਲੀ ਤੱਕ ਫ਼ਲ ਤੇ ਸਬਜ਼ੀਆਂ ਦੀ ਢੋਆ-ਢੁਆਈ ਲਈ ਵਾਤਾਨਕੂਲ ਰੇਲ ਗੱਡੀ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ। ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਅਨਾਜ ਤੋਂ ਇਲਾਵਾ ਵੱਡੇ ਪੱਧਰ ‘ਤੇ ਫ਼ਲ ਤੇ ਸਬਜ਼ੀਆਂ ਦੀ ਪੈਦਾਵਾਰ ਵੀ ਕਰ ਰਿਹਾ ਹੈ। ਭੰਡਾਰਨ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਫ਼ਲ ਤੇ ਸਬਜ਼ੀਆਂ ਦੀ ਤਾਜ਼ਗੀ ਦੀ ਮਿਆਦ ਘਟ ਜਾਦੀ ਹੈ ਇਸ ਲਈ ਸੂਬੇ ਨੂੰ ਵਾਤਾਨਕੂਲ ਰੇਲ ਗੱਡੀ ਦੀ ਸੇਵਾ ਛੇਤੀ ਤੋਂ ਛੇਤੀ ਮੁਹੱਈਆ ਕਰਵਾਈ ਜਾਵੇ।