ਮੋਦੀ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ

# 24 ਕੈਬਨਿਟ, 24 ਰਾਜ ਮੰਤਰੀ ਤੇ 9 ਰਾਜ ਮੰਤਰੀਆਂ ਨੂੰ ਸੁਤੰਤਰ ਚਾਰਜ
# 6 ਔਰਤਾਂ ਨੂੰ ਮਿਲੀ ਥਾਂ ਤੇ ਮੁਖਤਾਰ ਅੱਬਾਸ ਨਕਵੀ ਇੱਕੋ ਇਕ ਮੁਸਲਿਮ ਮੰਤਰੀ
ਨਵੀਂ ਦਿੱਲੀ, 4 ਜੂਨ – 30 ਮਈ ਦਿਨ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ (68) ਨੂੰ ਅਹੁਦੇ ਦਾ ਭੇਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਮੋਦੀ ਨੇ ਦੇਸ਼ ਵਿਦੇਸ਼ ਦੇ ਮਹਿਮਾਨਾਂ ਦੀ ਹਾਜ਼ਰੀ ‘ਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸ ਹਲਫ਼ਦਾਰੀ ਸਮਾਗਮ ‘ਚ ਉਨ੍ਹਾਂ ਦੇ ਨਾਲ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਸਾਬਕਾ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਵੀ ਸਹੁੰ ਚੁੱਕੀ। ਮੋਦੀ ਸਰਕਾਰ ਦੇ ਮੰਤਰੀ ਮੰਡਲ ‘ਚ 24 ਆਗੂਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦੋਂ ਕਿ 24 ਹੋਰਨਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 9 ਆਗੂਆਂ ਨੂੰ ਸੁਤੰਤਰ ਚਾਰਜ ਦਿੱਤਾ ਗਿਆ ਹੈ। ਮੰਤਰੀ ਮੰਡਲ ‘ਚ 6 ਮਹਿਲਾਵਾਂ ਨੂੰ ਵੀ ਥਾਂ ਦਿੱਤੀ ਗਈ ਹੈ। ਲੋਕ ਸਭਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ 6 ਤੋਂ 8 ਜੂਨ ਤੱਕ ਸਹੁੰ ਚੁਕਾਈ ਜਾਵੇਗੀ। ਗੌਰਤਲਬ ਹੈ ਕਿ ਮੰਤਰੀ ਮੰਡਲ ‘ਚ ਮੁਖਤਾਰ ਅੱਬਾਸ ਨਕਵੀ ਇਕੱਲੇ ਮੁਸਲਮਾਨ ਮੰਤਰੀ ਹਨ।
ਸ੍ਰੀ ਮੋਦੀ ਤੋਂ ਬਾਅਦ ਜਿਨ੍ਹਾਂ ਹੋਰ ਆਗੂਆਂ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ ਹੈ, ਉਨ੍ਹਾਂ ‘ਚ ਡੀ.ਵੀ. ਸਦਾਨੰਦ ਗੌੜਾ, ਨਿਰਮਲਾ ਸੀਤਾਰਾਮਨ ਅਤੇ ਰਾਮ ਵਿਲਾਸ ਪਾਸਵਾਨ ਦੇ ਨਾਮ ਪ੍ਰਮੁੱਖ ਹਨ। 
ਜ਼ਿਕਰਯੋਗ ਹੈ ਕਿ ਨਵੇਂ ਮੰਤਰੀ ਮੰਡਲ ‘ਚ ਪਿਛਲੀ ਮੋਦੀ ਸਰਕਾਰ ‘ਚ ਸ਼ਾਮਲ ਸੁਸ਼ਮਾ ਸਵਰਾਜ, ਰਾਜਵਰਧਨ ਸਿੰਘ ਰਾਠੌੜ ਅਤੇ ਮੇਨਕਾ ਗਾਂਧੀ ਨੂੰ ਥਾਂ ਨਹੀਂ ਮਿਲੀ ਹੈ। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਿਹਤ ਨਾਸਾਜ਼ ਹੋਣ ਕਰਕੇ ਪਹਿਲਾਂ ਹੀ ਨਵੇਂ ਮੰਤਰੀ ਮੰਡਲ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਹਲਫ਼ਦਾਰੀ ਸਮਾਗਮ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਕਾਰੋਬਾਰੀ ਘਰਾਣਿਆਂ ਦੇ ਮੁਖੀ, ਫਿਲਮ ਅਦਾਕਾਰ, ਮੁੱਖ ਮੰਤਰੀ ਅਤੇ ਬਿਮਸਟਿਕ ਮੁਲਕਾਂ ਦੇ ਆਗੂਆਂ ਸਮੇਤ ਕਰੀਬ 8 ਹਜ਼ਾਰ ਮਹਿਮਾਨ ਹਾਜ਼ਰ ਸਨ।
ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਵਾਲੇ ਹੋਰ ਆਗੂਆਂ ‘ਚ ਨਰੇਂਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਰਮੇਸ਼ ਪੋਖਰਿਆਲ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਹਰਸ਼ਵਰਧਨ, ਪ੍ਰਕਾਸ਼ ਜਾਵੜੇਕਰ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਾਰ ਅੱਬਾਸ ਨਕਵੀ, ਪ੍ਰਹਿਲਾਦ ਜੋਸ਼ੀ, ਮਹੇਂਦਰ ਨਾਥ ਪਾਂਡੇ, ਅਰਵਿੰਦ ਸਾਵੰਤ, ਗਿਰੀਰਾਜ ਸਿੰਘ ਅਤੇ ਗਜੇਂਦਰ ਸ਼ੇਖਾਵਤ ਸ਼ਾਮਲ ਹਨ। ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ‘ਚ ਸੰਤੋਸ਼ ਕੁਮਾਰ ਗੰਗਵਾਰ, ਰਾਓ ਇੰਦਰਜੀਤ ਸਿੰਘ, ਸ੍ਰੀਪਦ ਯੇਸੋ ਨਾਇਕ, ਜਤਿੰਦਰ ਸਿੰਘ, ਕਿਰਨ ਰਿਜਿਜੂ, ਪ੍ਰਹਿਲਾਦ ਸਿੰਘ ਪਟੇਲ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ ਅਤੇ ਮਨਸੁਖ ਐਲ ਮਾਂਡਵੀਆ ਸ਼ਾਮਲ ਹਨ।
ਰਾਜ ਮੰਤਰੀਆਂ ‘ਚ ਫੱਗਣ ਸਿੰਘ ਕੁਲੱਸਤੇ, ਅਸ਼ਵਨੀ ਕੁਮਾਰ ਚੌਬੇ, ਅਰਜੁਨ ਰਾਮ ਮੇਘਵਾਲ, ਵੀ. ਕੇ. ਸਿੰਘ, ਕ੍ਰਿਸ਼ਨ ਪਾਲ, ਦਾਨਵੇ ਰਾਓਸਾਹੇਬ ਦਾਦਾਰਾਓ, ਜੀ ਕਿਸ਼ਨ ਰੈੱਡੀ, ਪਰਸ਼ੋਤਮ ਰੁਪਾਲਾ, ਰਾਮਦਾਸ ਅਠਾਵਲੇ, ਸਾਧਵੀ ਨਿਰੰਜਣ ਜਯੋਤੀ, ਬਾਬੁਲ ਸੁਪ੍ਰੀਓ, ਸੰਜੀਵ ਕੁਮਾਰ ਬਾਲਿਆਨ, ਧੋਤਰੇ ਸੰਜੇ ਸ਼ਾਮਰਾਓ, ਅਨੁਰਾਗ ਸਿੰਘ ਠਾਕੁਰ, ਅੰਗਾੜੀ ਸੁਰੇਸ਼ ਚੰਨਾਬਾਸਾਪਾ, ਨਿਤਿਆਨੰਦ ਰਾਏ, ਰਤਨ ਲਾਲ ਕਟਾਰੀਆ, ਵੀ ਮੁਰਲੀਧਰਨ, ਰੇਣੂਕਾ ਸਿੰਘ ਸਰੂਤਾ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਪ੍ਰਤਾਪ ਚੰਦਰ ਸਾਰੰਗੀ, ਕੈਲਾਸ਼ ਚੌਧਰੀ ਅਤੇ ਦੇਬਾਸ੍ਰੀ ਚੌਧਰੀ ਸ਼ਾਮਲ ਹਨ। ਆਪਣੀ ਕੈਬਨਿਟ ਨਾਲ ਹਲਫ਼ ਲੈਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੰਤਰੀਆਂ ਦੀ ਨਵੀਂ ਟੀਮ ਨੌਜਵਾਨ ਸ਼ਕਤੀ ਅਤੇ ਪ੍ਰਸ਼ਾਸਨਿਕ ਤਜਰਬੇਕਾਰਾਂ ਦਾ ਸੁਮੇਲ ਹੈ ਅਤੇ ਉਹ ਸਾਰੇ ਮਿਲ ਕੇ ਭਾਰਤ ਦੀ ਤਰੱਕੀ ਲਈ ਕੰਮ ਕਰਨਗੇ। ਸਹੁੰ ਚੁੱਕਣ ਮਗਰੋਂ ਸ੍ਰੀ ਮੋਦੀ ਨੇ ਆਪਣੇ ਟਵੀਟ ‘ਚ ਕਿਹਾ ਕਿ ਟੀਮ ‘ਚ ਅਜਿਹੇ ਸੰਸਦ ਮੈਂਬਰ ਸ਼ਾਮਲ ਹਨ ਜੋ ਉੱਭਰ ਕੇ ਸਾਹਮਣੇ ਆਏ ਹਨ ਅਤੇ ਅਜਿਹੇ ਵੀ ਹਨ ਜਿਨ੍ਹਾਂ ਦਾ ਸ਼ਾਨਦਾਰ ਕੈਰੀਅਰ ਰਿਹਾ ਹੈ।