ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊ ਡਬਲਿਊ) ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਮੁਅੱਤਲ ਕੀਤਾ

ਨਵੀਂ ਦਿੱਲੀ, 24 ਅਗਸਤ – ਰੈਸਲਿੰਗ ਦੀ ਵਿਸ਼ਵ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊ ਡਬਲਿਊ) ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (ਡਬਲਿਊ ਐੱਫ ਆਈ) ਨੂੰ ਸਮੇਂ ‘ਤੇ ਚੋਣਾਂ ਨਾ ਕਰਵਾਉਣ ਕਾਰਨ ਮੁਅੱਤਲ ਕਰ ਦਿੱਤਾ ਹੈ।
ਇਸ ਨਾਲ ਹੁਣ ਭਾਰਤੀ ਪਹਿਲਵਾਨਾਂ ਨੂੰ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਝੰਡੇ ਹੇਠ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਮਿਲੇਗਾ। ਜਿਸ ਦਾ ਮਤਲਬ ਹੈ ਕਿ ਤਗਮਾ ਜਿੱਤਣ ‘ਤੇ ਨਾ ਹੀ ਭਾਰਤੀ ਰਾਸ਼ਟਰੀ ਗੀਤ ਵਜੇਗਾ ਤੇ ਨਾ ਹੀ ਤਗਮਾ ਭਾਰਤ ਦਾ ਗਿਣਿਆ ਜਾਏਗਾ, ਜਿੱਤੇ ਤਗਮੇ ਨੂੰ ਖਿਡਾਰੀ ਦਾ ਨਿੱਜੀ ਤਗਮਾ ਮੰਨਿਆ ਜਾਏਗਾ।
ਭਾਰਤੀ ਪਹਿਲਵਾਨਾਂ ਨੂੰ 16 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਓਲੰਪਿਕ-ਕੁਆਲੀਫਾਇੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ‘ਨਿਰਪੱਖ ਅਥਲੀਟਾਂ’ ਵਜੋਂ ਮੁਕਾਬਲਾ ਕਰਨਾ ਹੋਵੇਗਾ ਕਿਉਂਕਿ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਾਲੇ ਐਡ-ਹਾਕ ਪੈਨਲ ਨੇ ਚੋਣਾਂ ਕਰਵਾਉਣ ਲਈ ਤੈਅ 45 ਦਿਨਾਂ ਦੀ ਸਮਾਂ ਸੀਮਾ ਨੂੰ ਟਪਾ ਦਿੱਤਾ ਹੈ।
ਆਈਓਏ ਨੇ 27 ਅਪ੍ਰੈਲ ਨੂੰ ਐਡ-ਹਾਕ ਪੈਨਲ ਦੀ ਨਿਯੁਕਤੀ ਕੀਤੀ ਸੀ ਅਤੇ ਕਮੇਟੀ ਨੇ 45 ਦਿਨਾਂ ਦੇ ਅੰਦਰ ਚੋਣਾਂ ਕਰਾਉਣੀਆਂ ਸਨ। ਯੂਡਬਲਿਊ ਡਬਲਿਊ ਨੇ 28 ਅਪ੍ਰੈਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਚੋਣਾਂ ਕਰਵਾਉਣ ਦੀ ਸਮਾਂ ਸੀਮਾ ਦਾ ਸਨਮਾਨ ਨਾ ਕੀਤਾ ਗਿਆ ਤਾਂ ਉਹ ਭਾਰਤੀ ਕੁਸ਼ਤੀ ਮਹਾਸੰਘ ਨੂੰ ਮੁਅੱਤਲ ਕਰ ਸਕਦੀ ਹੈ।