ਲਾਹੌਰ ਵਿਖੇ ‘ਤਿੰਨ ਰੋਜ਼ਾ ਪੰਜਵੀਂ ਅੰਤਰ-ਰਾਸ਼ਟਰੀ ਪੰਜਾਬੀ ਕਾਨਫ਼ਰੰਸ’ ਆਯੋਜਿਤ

ਵਾਇਸ ਚਾਂਸਲਰ ਅਤੇ ਰਮੇਸ਼ ਸਿੰਘ ਅਰੋੜਾ ਡੈਲੀਗੇਟਾਂ
ਦਿਆਲ ਸਿੰਘ ਰੀਸਰਚ ਫੋਰਮ ਵਿੱਚ ਸਟੇਜ ‘ਤੇ ਸੁਸ਼ੋਭਿਤ ਉਚੇਚੇ ਪ੍ਰਾਹੁਣੇ
ਹਜ਼ੂਰੀ ਰਾਗੀ ਸ੍ਰੀ ਨਨਕਾਣਾ ਸਾਹਿਬ ਬੀਬੀ ਮਨਬੀਰ ਕੌਰ ਦਾ ਜਥਾ ਸ਼ਬਦ ਗਾਇਨ ਕਰਦਾ ਹੋਇਆ
ਨਨਕਾਣਾ ਸਾਹਿਬ ਦੇ ਗੁਰੂਘਰ ਵਿੱਚ ਵਾਇਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਅਤੇ ਗੁਰੂਘਰ ਦੇ ਗ੍ਰੰਥੀ ਸਿੰਘ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਸਿਰੋਪਾਉ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕਰਦੇ ਹੋਏ

ਡਾ. ਚਰਨਜੀਤ ਸਿੰਘ ਗੁਮਟਾਲਾ 91 9417533060 ਲਾਹੌਰ ਤੋਂ ਵਿਸ਼ੇਸ਼ ਰਿਪੋਰਟ
ਲਾਹੌਰ (ਪਾਕਿਸਤਾਨ), 14 ਨਵੰਬਰ – ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਦੇ ਇਕਰਾ ਆਡੀਟੋਰੀਅਮ ਵਿੱਚ ‘ਤਿੰਨ ਰੋਜ਼ਾ ਪੰਜਵੀਂ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ’ ਕੀਤੀ ਗਈ। ਪਹਿਲੇ ਦਿਨ ਦੇ ਹੋਏ ਸਮਾਗਮ ਵਿੱਚ ਵੱਖ-ਵੱਖ ਮੁਲਕਾਂ ਤੋਂ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਦੀ ਸਦਾਰਤ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਕੀਤੀ। ਸ. ਰਮੇਸ਼ ਸਿੰਘ ਅਰੋੜਾ ਘੱਟਗਿਣਤੀ ਵਜ਼ੀਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਤੋਂ ਇਲਾਵਾ ਡਾ. ਰਾਹਤ ਅਜਮਲ (ਪ੍ਰਿੰਸੀਪਲ ਆਫ਼ ਲਾਅ) ਤੇ ਡਾ. ਮੁਹੰਮਦ ਅਫ਼ਜ਼ਲ (ਡੀਨ ਆਫ਼ ਫੈਕਲਟੀ) ਵੀ ਮੁੱਖ ਮਹਿਮਾਨਾਂ ਵਿੱਚ ਸ਼ਾਮਿਲ ਸਨ। ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਪੰਜਾਬੀ ਜ਼ਬਾਨ ਦੀਆਂ ਸਿਫ਼ਤਾਂ ਕਰਦੇ ਹੋਏ ਬਾਬਾ ਨਜ਼ਮੀ ਦਾ ਇਕ ਸ਼ੇਅਰ ਪੇਸ਼ ਕੀਤਾ:
ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ,
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇਕ ਦੂਜੇ ਦੇ ਅੰਦਰ ਨੂੰ।
ਸ. ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਵਿੱਚ ਸਿੱਖਾਂ ਦੀ ਤਵਾਰੀਖ਼ ਬਾਰੇ ਵਿਚਾਰ ਪੇਸ਼ ਕੀਤੇ ਅਤੇ ਪਾਕਿਸਤਾਨ ਸਰਕਾਰ ਵਜੋਂ ਸਿੱਖਾਂ ਅਤੇ ਪੰਜਾਬੀ ਵਾਸਤੇ ਕੀਤੇ ਗੲੈ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਗੁਰੂ ਨਾਨਕ ਸਾਹਿਬ ਦੀ ਦੇਣ ਸਬੰਧੀ ਜਾਣਕਾਰੀ ਭਰਪੂਰ ਪੇਪਰ ਪੇਸ਼ ਕੀਤਾ। ਅਮਰੀਕਾ ਤੋਂ ਉਚੇਚੇ ਤੌਰ ‘ਤੇ ਪੁੱਜੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿੱਸਾ ਹੀਰ ਵਾਰਿਸ ਦੀਆਂ ਕਥਾਨਕ ਰੂੜੀਆਂ ਸਬੰਧੀ ਪੇਪਰ ਪੇਸ਼ ਕੀਤਾ। ਯੂਕੇ ਤੋਂ ਆਏ ਹੋਏ ਡਾ. ਗੁਰਦੀਪ ਸਿੰਘ ਨੇ ਸਿੱਖ ਮੁਸਲਿਮ ਦੋਸਤੀ ਨੂੰ ਡਾ. ਮੁਹੰਮਦ ਇਕਬਾਲ ਦੀ ਸ਼ਾਇਰੀ ਰਾਹੀਂ ਪੇਪਰ ਪੇਸ਼ ਕੀਤਾ। ਸਮਾਗਮ ਵਿੱਚ ਕੈਨੇਡਾ ਤੋਂ ਸ. ਅਜਾਇਬ ਸਿੰਘ ਚੱਠਾ, ਸ. ਸਰਦੂਲ ਸਿੰਘ, ਸ. ਸੰਤੋਖ ਸਿੰਘ, ਸ. ਰਵਿੰਦਰ ਸਿੰਘ, ਭਾਰਤ ਤੋਂ ਮਸ਼ਹੂਰ ਜਰਨਲਿਸਟ ਤੇ ਵਿਦਵਾਨ ਸੁਕੀਰਤ, ਇੰਗਲੈਂਡ ਤੋਂ ਸ. ਤ੍ਰਬੇਦੀ ਸਿੰਘ ਤੇ ਸ. ਜੋਗਾ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਅਖੀਰ ਵਿੱਚ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਸ. ਰਮੇਸ਼ ਸਿੰਘ ਅਰੋੜਾ, ਸਕਾਲਰਾਂ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਪਹਿਲੇ ਸੈਸ਼ਨ ਤੋਂ ਬਾਅਦ ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਦੇ ਵੱਖ ਵੱਖ ਹਾਲਾਂ ਵਿੱਚ ਪੰਜਾਬ ਭਰ ਤੋਂ ਆਏ ਅਧਿਆਪਕਾਂ, ਖੋਜਕਾਰਾਂ ਤੇ ਵਿਦਵਾਨਾਂ ਨੇ ਆਪਣੇ ਖੋਜ ਪੇਪਰ ਵਿਦਿਆਰਥੀਆਂ ਅੱਗੇ ਪੇਸ਼ ਕੀਤੇ , ਜਿਨ੍ਹਾਂ ਵਿੱਚੋਂ ਇਸਲਾਮਾਬਾਦ ਤੋਂ ਡਾ. ਜਹੀਰ, ਫ਼ੈਸਲਾਬਾਦ ਤੋਂ ਡਾ. ਫ਼ਿਆਜ਼, ਲਾਹੌਰ ਤੋਂ ਡਾ. ਅਰਸ਼ਦ ਇਕਬਾਲ ਅਰਸ਼ਦ, ਪ੍ਰੋਫ਼ੈਸਰ ਡਾ. ਅਬਾਦ ਨਬੀਲ ਸ਼ਾਦ, ਬਹਾਵਲਪੁਰ ਤੋਂ ਸ਼ਹਿਜ਼ਾਦ ਜ਼ੋਈਆ ਨੇ ਵੀ ਰਲਤ ਕੀਤੀ।
ਦੂਸਰੇ ਦਿਨ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ ਵਿਖੇ ਕਾਨਫ਼ਰੰਸ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਫੋਰਮ ਦੇ ਡਾਇਰੈਕਟਰ ਪ੍ਰੋਫ਼ੈਸਰ ਡਾ. ਰਜ਼ਾਕ ਸ਼ਾਇਦ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਜੋਗਾ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਅਜਾਇਬ ਸਿੰਘ ਚੱਠਾ, ਸਤਵੰਤ ਕੌਰ ਸ਼ਾਮਿਲ ਸਨ। ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਆਏ ਵਿਦਵਾਨਾਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਡਾ. ਮੁਜਾਹਿਦਾ ਬੱਟ, ਡਾ. ਸ਼ਮੀਨਾ ਬਤੂਲ, ਡਾ. ਹਿਨਾ ਖ਼ਾਨ, ਡਾ. ਆਇਸ਼ਾ ਰਹਿਮਾਨ, ਸਤਵੰਤ ਕੌਰ ਤੇ ਅਨੀਲਾ ਸਰਵਰ ਨੇ ਪਰਚੇ ਪੜ੍ਹੇ। ਸਟੇਜ ‘ਤੇ ਸੁਸ਼ੋਭਿਤ ਵਿਦਵਾਨਾਂ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਮਹਿਮਾਨਾਂ ਨੂੰ ਦਿਆਲ ਸਿੰਘ ਫੋਰਮ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੇ ਸੈੱਟ ਭੇਟ ਕੀਤੇ ਗਏ। ਪ੍ਰੋਫ਼ੈਸਰ ਡਾ. ਰਜ਼ਾਕ ਸ਼ਾਹਿਦ ਨੇ ‘ਜੀ ਆਇਆ’ ਕਿਹਾ ਤੇ ਡਾ. ਮੁਜਾਹਿਦਾ ਬੱਟ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਤੀਜੇ ਦਿਨ ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਨਕਾਣਾ ਸਾਹਿਬ ਬੱਸਾਂ ਰਾਹੀਂ ਵਿਦਿਆਰਥਣਾਂ ਤੇ ਵਿਦਵਾਨਾਂ ਨੂੰ ਲੈ ਜਾ ਕੇ ਕਾਨਫ਼ਰੰਸ ਆਯੋਜਿਤ ਕੀਤੀ ਗਈ। ਨਨਕਾਣਾ ਸਾਹਿਬ ਦੀ ਕਾਨਫ਼ਰੰਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਚੜ੍ਹਦੇ ਪੰਜਾਬ ਤੋਂ 8 ਵਿਦਵਾਨ ਸ਼ਾਮਿਲ ਹੋਏ। ਸਮਾਗਮ ਦੇ ਮੁੱਖ ਮਹਿਮਾਨ ਰਮੇਸ਼ ਸਿੰਘ ਅਰੋੜਾ ਮੈਂਬਰ ਪੰਜਾਬ ਅਸੈਂਬਲੀ ਸਨ। ਅਰੋੜਾ ਜੀ ਦੇ ਨਾਲ ਹਾਇਰ ਐਜੂਕੇਸ਼ਨ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋਫ਼ੈਸਰ ਡਾ. ਸ਼ਾਹਿਦ ਮੁਨੀਰ ਵੀ ਉਚੇਚੇ ਪ੍ਰਾਹੁਣੇ ਸਨ। ਕਾਨਫ਼ਰੰਸ ਦੇ ਸ਼ੁਰੂ ਵਿੱਚ ਹਜ਼ੂਰੀ ਰਾਗੀ ਸ੍ਰੀ ਨਨਕਾਣਾ ਸਾਹਿਬ ਬੀਬੀ ਮਨਬੀਰ ਕੌਰ ਦੇ ਜੱਥੇ ਨੇ ਸ਼ਬਦ ਗਾਇਨ ਕੀਤਾ। ਸੁਆਗਤੀ ਸ਼ਬਦ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਦਇਆ ਸਿੰਘ, ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਵੱਲੋਂ ਡਾ. ਮੁਜਾਹਿਦਾ ਬੱਟ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫ਼ੈਸਰ ਡਾ. ਮੁਹੰਮਦ ਅਫ਼ਜ਼ਲ ਨੇ ਅਦਾ ਕੀਤੇ। ਭਾਰਤ ਤੋਂ ਪ੍ਰੋਫ਼ੈਸਰ ਡਾ. ਗੁਰਪਾਲ ਸਿੰਘ ਤੇ ਡਾ. ਧਨਵੰਤ ਕੌਰ, ਇੰਗਲੈਂਡ ਤੋਂ ਤਰਬੇਦੀ ਸਿੰਘ, ਕੈਨੇਡਾ ਤੋਂ ਅਜਾਇਬ ਸਿੰਘ ਚੱਠਾ, ਅਮਰੀਕਾ ਤੋਂ ਡਾ. ਚਰਨਜੀਤ ਸਿੰਘ ਗੁਮਟਾਲਾ, ਯੂਨੀਵਰਸਿਟੀ ਆਫ਼ ਜੰਗ ਦੇ ਵਾਇਸ ਚਾਂਸਲਰ ਮਹਾਨ ਪੰਜਾਬੀ ਵਿਦਵਾਨ ਪ੍ਰੋਫ਼ੈਸਰ ਡਾ. ਨਬੀਲਾ ਰਹਿਮਾਨ, ਪੰਜਾਬ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਚੇਅਰਮੈਨ ਪ੍ਰੋ. ਡਾ. ਸ਼ਾਹਿਦ ਮੁਨੀਰ ਮੈਂਬਰ ਪੰਜਾਬ ਅਸੈਂਬਲੀ ਰਮੇਸ਼ ਸਿੰਘ ਅਰੋੜਾ ਨੇ ਸੰਗਤਾਂ ਤੇ ਵਿਦਿਆਰਥਣਾਂ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ ਤੇ ਕਾਨਫ਼ਰੰਸ ਦੇ ਮੇਜ਼ਬਾਨ ਵਾਇਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਨੇ ਆਏ ਪ੍ਰਾਹੁਣਿਆਂ ਦਾ ਧੰਨਵਾਦ ਕੀਤਾ। ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾਉ ਦੇ ਕੇ ਸਨਮਾਨਿਆ ਗਿਆ। ਸਟੇਜ ਸੈਕਟਰੀ ਦੀ ਸੇਵਾ ਡਾ. ਕਲਿਆਣ ਸਿੰਘ ਕਲਿਆਣ ਨੇ ਬਖ਼ੂਬੀ ਨਿਭਾਈ।
ਲੰਗਰ ਤੋਂ ਬਾਅਦ ਸਮੂਹ ਪ੍ਰਾਹੁਣਿਆਂ ਨੂੰ ਨਵੀਂ ਉਸਾਰੀ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਵਿਖੇ ਲੈ ਜਾਇਆ ਗਿਆ। ਡਾ. ਮੁਹੰਮਦ ਅਫ਼ਜ਼ਲ ਵਾਇਸ ਚਾਂਸਲਰ ਨੇ ਪ੍ਰਾਹੁਣਿਆਂ ਨਾਲ ਯੂਨੀਵਰਸਿਟੀ ਦੀ ਲੇਅ-ਆਊਟ ਪਲਾਨ ਬਾਰੇ ਵਿਚਾਰ ਵਟਾਂਦਰਾ ਕੀਤਾ। ਚਾਹ ਪਾਰਟੀ ਤੋਂ ਬਾਅਦ ਪ੍ਰਾਹੁਣੇ ਲਾਹੌਰ ਵਾਪਸ ਆ ਗਏ।
ਇਸ ਕਾਨਫ਼ਰੰਸ ਦਾ ਸਿਹਰਾ ਪੰਜਾਬੀ ਮਹਿਕਮੇ ਦੀ ਮੁਖੀ ਡਾ. ਮੁਜਾਹਿਦਾ ਬੱਟ, ਡਾ. ਆਇਸ਼ਾ ਅਤੇ ਡਾ. ਕਲਿਆਣ ਸਿੰਘ ਦੇ ਸਿਰ ਹੈ ਜਿਨ੍ਹਾਂ ਨੇ ਕਈ ਹਫ਼ਤਿਆਂ ਦੀ ਅਣਥੱਕ ਮਿਹਨਤ ਮਗਰੋਂ ਇਸ ਕਾਨਫ਼ਰੰਸ ਨੂੰ ਕਾਮਯਾਬ ਕੀਤਾ। ਇਸ ਕਾਨਫ਼ਰੰਸ ਵਿੱਚ ਸੈਂਕੜੇ ਸਕਾਲਰਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਾਰਾ ਆਡੀਟੋਰੀਅਮ ਖਚਾਖਚ ਭਰਿਆ ਹੋਇਆ ਸੀ।