ਲੇਬਰ ਪਾਰਟੀ ਵੱਲੋਂ 2020 ਆਮ ਚੋਣਾਂ ਲਈ 84 ਸੰਭਾਵੀ ਲਿਸਟ ਐਮ.ਪੀਜ਼. ਦੀ ਸੂਚੀ ਜਾਰੀ

ਸੂਚੀ ‘ਚ ਪ੍ਰਿਅੰਕਾ 12ਵੇਂ ਤੋਂ 33ਵੇਂ, ਡਾ. ਸ਼ਰਮਾ 69ਵੇਂ ਤੋਂ 65ਵੇਂ ਤੇ ਬਲਜੀਤ ਕੌਰ ਦਾ ਨਾਂਅ ਗ਼ਾਇਬ
ਆਕਲੈਂਡ, 16 ਜੂਨ (ਹਰਜਿੰਦਰ ਸਿੰਘ ਬਸਿਆਲਾ/ ਕੂਕ ਪੰਜਾਬੀ ਸਮਾਚਾਰ) –
15 ਜੂਨ ਦਿਨ ਸੋਮਵਾਰ ਨੂੰ ਨਿਊਜ਼ੀਲੈਂਡ ਦੀ ਸੱਤਾਧਾਰੀ ਪਾਰਟੀ ਲੇਬਰ ਨੇ 19 ਸਤੰਬਰ ਨੂੰ ਆ ਰਹੀਆਂ ਆਮ ਚੋਣਾਂ ਦੇ ਲਈ ਤਿਆਰੀਆਂ ਖਿੱਚ ਲਈਆਂ ਹਨ। ਪਾਰਟੀ ਵੱਲੋਂ ਜਾਰੀ 84 ਲਿਸਟ ਉਮੀਦਵਾਰਾਂ ਦੇ ਵਿੱਚ ਕਾਫ਼ੀ ਉਮੀਦਵਾਰਾਂ ਦਾ ਰੈਂਕ ਉੱਪਰ-ਥੱਲੇ ਹੋਇਆ ਹੈ ਅਤੇ ਕਈ ਨਾਂਅ ਗ਼ਾਇਬ ਹਨ। ਪਿਛਲੀ ਵਾਰ ਭਾਰਤੀ ਮੂਲ ਦੀ ਪ੍ਰਿਅੰਕਾ ਰਾਧਾ ਕ੍ਰਿਸ਼ਨਨ 12ਵੇਂ ਨੰਬਰ ਉੱਤੇ ਸੀ ਅਤੇ ਲਿਸਟ ਐਮ. ਪੀ. ਬਣ ਗਈ ਸੀ, ਪਰ ਇਸ ਵਾਰ ਉਸ ਦਾ ਨਾਂਅ 33ਵੇਂ ਨੰਬਰ ਉੱਤੇ ਹੇਠਾਂ ਚਲਾ ਗਿਆ ਹੈ। ਇਸ ਦਾ ਕਾਰਣ ਨਹੀਂ ਦੱਸਿਆ ਗਿਆ। ਪ੍ਰਿਅੰਕਾ ਰਾਧਾ ਕ੍ਰਿਸ਼ਨਨ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਇਸ ਵਾਰ ਲਿਸਟ ਦੇ ਵਿੱਚ ਕੈਬਨਿਟ ਮੰਤਰੀਆਂ, ਮਾਓਰੀ ਉਮੀਦਵਾਰਾਂ ਨੂੰ ਪਹਿਲੀ ਦਿੱਤੀ ਗਈ ਹੈ ਜਿਸ ਕਰਕੇ ਬਹੁਤ ਸਾਰਿਆਂ ਦੇ ਨੰਬਰ ਅੱਗੇ-ਪਿੱਛੇ ਹੋਏ ਹਨ। ਇਸ ਵਾਰ ਪੋਲਿੰਗ ਵੀ ਜ਼ਿਆਦਾ ਹੋਣ ਦੀ ਉਮੀਦ ਹੈ ਅਤੇ ਆਸ ਹੈ ਕਿ ਉਹ ਦੁਬਾਰਾ ਫਿਰ ਐਮਪੀ ਬਣ ਜਾਣਗੇ। ਉਹ ਮਾਉਂਗਾਕੇਕੀ ਤੋਂ ਉਮੀਦਵਾਰ ਹਨ।
ਇਸੀ ਤਰ੍ਹਾਂ ਪਿਛਲੀ ਵਾਰ ਬਲਜੀਤ ਕੌਰ (ਸਿੱਧਵਾਂ ਬੇਟ) ਜੋ ਕਿ ਹਨੂਆ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉੱਤਰੇ ਸਨ ਤੇ 64ਵੇਂ ਨੰਬਰ ਉੱਤੇ ਸਨ ਪਰ ਇਸ ਵਾਰ 84 ਨੰਬਰਾਂ ਦੇ ਵਿੱਚ ਉਨ੍ਹਾਂ ਦਾ ਨਾਂਅ ਸ਼ਾਮਿਲ ਨਹੀਂ ਕੀਤਾ ਗਿਆ ਪਰ ਉਹ ਵੋਟਾਂ ਦੇ ਲਈ ਪੋਰਟ ਵਾਇਕਾਟੋ ਤੋਂ ਉਮੀਦਵਾਰ ਹਨ। ਬਲਜੀਤ ਕੌਰ ਨੂੰ ਪਿਛਲੀ ਵਾਰ 7382 ਵੋਟਾਂ ਪੈ ਗਈਆਂ ਸਨ। ਗੌਰਵ ਸ਼ਰਮਾ ਜੋ ਕਿ ਹਿਮਾਚਲ ਦੇ ਜਨਮੇ ਹਨ ਅਤੇ ਪਰਿਵਾਰ ਪੰਜਾਬ ਨਾਲ ਵੀ ਸਬੰਧ ਰੱਖਦਾ ਹੈ ਪਿਛਲੀ ਵਾਰ 69ਵੇਂ ਨੰਬਰ ਉੱਤੇ ਸਨ ਇਸ ਵਾਰ 65ਵੇਂ ਨੰਬਰ ਉੱਤੇ ਹਨ। ਕਿੱਤੇ ਪੱਖੋਂ ਗੌਰਵ ਸ਼ਰਮਾ ਡਾਕਟਰ ਹਨ ਤੇ ਹੈਮਿਲਟਨ ਦੇ ਵਿੱਚ ਜੀ.ਪੀ. ਹਨ। ਹੈਮਿਲਟਨ ਵੈਸਟ ਤੋਂ ਇਨ੍ਹਾਂ ਨੂੰ ਵੋਟਾਂ ਪੈਣਗੀਆਂ। ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11111 ਵੋਟਾਂ ਪਈਆਂ ਸਨ।
ਪਿਛਲੀ ਵਾਰ 75 ਨਾਂਅ ਲਿਸਟ ਕੀਤੇ ਗਏ ਸਨ ਪਰ ਇਸ ਵਾਰ 84 ਹਨ। 2017 ਦੇ ਵਿੱਚ ਜੱਸੀ ਪਾਬਲਾ ਨੇ ਵੀ ਪਾਪਾਕੁਰਾ ਹਲਕਾ ਤੋਂ ਚੋਣ ਲੜੀ ਸੀ, ਪਰ ਇਸ ਵਾਰ ਉਹ ਮੈਦਾਨ ਦੇ ਵਿੱਚ ਨਹੀਂ ਨਿੱਤਰੇ।