ਵਤਨ ਵਾਪਸੀ: 18 ਥਾਵਾਂ ਤੋਂ 300 ਸਵਾਰੀਆਂ ਇਕੱਠੀਆਂ ਕਰਕੇ ਏਅਰ ਨਿਊਜ਼ੀਲੈਂਡ ਦੀ ਉੱਡੀ ਸਿੱਧੀ ਫਲਾਈਟ

-ਵੋਲਵੋ ਬੱਸਾਂ, ਇਨੋਵਾ ਤੇ ਸਵਿਫ਼ਟ ਕਾਰਾਂ ਨੇ ਗੁਰਦਾਸਪੁਰ ਤੋਂ ਜੰਮੂ-ਕਸ਼ਮੀਰ ਤੱਕ ਇਕੱਠੇ ਕੀਤੇ ਯਾਤਰੀ
-240 ਦੇ ਕਰੀਬ ਪੰਜਾਬ ਦੀ ਧਰਤੀ ਤੋਂ ਭਰ ਰਹੇ ਨੇ ਉਡਾਣ
-ਰਾਤ 11.30 ਵਜੇ ਪਹੁੰਚ ਜਾਵੇਗਾ ਆਕਲੈਂਡ
ਆਕਲੈਂਡ 25 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) – ਅੱਜ ਰਾਤ 24 ਅਪ੍ਰੈਲ ਨੂੰ ਵਿਸ਼ੇਸ਼ ਚਾਰਟਰ ਜਹਾਜ਼ ਦੇ ਵਿੱਚ ਦਿੱਲੀ ਤੋਂ ਆਕਲੈਂਡ ਦੀ ‘ਵਤਨ ਵਾਪਸੀ’ ਫਲਾਈਟ ਫੜ ਰਹੇ ਯਾਤਰੀ ਜਿੱਥੇ ਸ਼ੁਰੂ ਦੇ ਵਿੱਚ ਵਿਦੇਸ਼ ਮੰਤਰੀ ਵਿਨਸਨ ਪੀਟਰਜ਼ ਦੇ ਅਹਿਸਾਨ ਅਧੀਨ ਰਹਿਣਗੇ ਉੱਥੇ ਵਤਨ ਪਰਤਦਿਆਂ ਖਾਤਿਆਂ ਨੂੰ 5500 ਡਾਲਰ ਦੇ ਹਿੱਲਦਾ ਵੇਖ ਸ਼ਾਇਦ ਅਹਿਸਾਨ ਸ਼ਬਦ ਦਾ ਵਿਰੋਧੀ ਸ਼ਬਦ ਲੱਭ ਕੇ ਇਨ੍ਹਾਂ ਨੂੰ ‘ਫਿਕਸ’ ਕਰਨ ਦੀ ਕੋਸ਼ਿਸ਼ ਕਰਨ। ਕਹੀਏ ਜਿੱਦਾਂ ਮਰਜ਼ੀ ਇਸ ਵਿਸ਼ੇਸ਼ ਜਹਾਜ਼ ਦਾ ਜੁਗਾੜ ਕਰਨ ਵਾਸਤੇ ਵਿਦੇਸ਼ ਮੰਤਰਾਲੇ, ਓਰਬਿਟ ਕੰਪਨੀ ਅਤੇ ਏਸ਼ੀਅਨ ਟਰੈਵਲ ਦਿੱਲੀ ਵਾਲਿਆਂ ਨੂੰ ਕਾਫ਼ੀ ਕੰਮ ਕਰਨਾ ਪਿਆ। ਇੱਧਰੋਂ-ਉਧਰੋਂ ਜਾਣਕਾਰੀ ਪ੍ਰਾਪਤ ਕਰਕੇ ਜਦੋਂ ਜਮ੍ਹਾ ਘਟਾਓ ਕੀਤਾ ਤਾਂ ਪਾਇਆ ਕਿ ਪੰਜਾਬ ਦੇ ਵਿੱਚ 9 ਵੋਲਵੋ ਬੱਸਾਂ ਨੇ ਲਗਭਗ 240 ਦੇ ਕਰੀਬ ਯਾਤਰੀ ਇਕੱਠੇ ਕੀਤੇ। ਜਲੰਧਰ ਤੋਂ ਦਿੱਲੀ ਵਾਲੀ ਬੱਸ ਵਿੱਚ ਕੁੱਲ 38 (26 ਸਿਟੀਜ਼ਨ-12 ਪੀ. ਆਰ.), ਮੋਹਾਲੀ ਤੋਂ ਦਿੱਲੀ ਦੇ ਵਿੱਚ ਕੁੱਲ 29 (21 ਸਿਟੀਜ਼ਨ-8 ਪੀ. ਆਰ.), ਫ਼ਰੀਦਕੋਟ-ਬਠਿੰਡਾ-ਸੰਗਰੂਰ ਦੇ ਵਿੱਚ ਕੁੱਲ 29 (17 ਸਿਟੀਜ਼ਨ-12 ਪੀ. ਆਰ.), ਜਲੰਧਰ ਤੋਂ ਦਿੱਲੀ ਕੁੱਲ 29 (25 ਸਿਟੀਜ਼ਨ-5 ਪੀ. ਆਰ.), ਲੁਧਿਆਣਾ-ਖੰਨਾ-ਫਤਹਿਗੜ੍ਹ ਸਾਹਿਬ ਦੇ ਵਿੱਚ ਕੁੱਲ 21 (15 ਸਿਟੀਜ਼ਨ-6 ਪੀ. ਆਰ.), ਹੁਸ਼ਿਆਰਪੁਰ-ਕਪੂਰਥਲਾ ਫਿਲੌਰ ਦੇ ਵਿੱਚ ਕੁੱਲ 31 (20 ਸਿਟੀਜ਼ਨ-11 ਪੀ. ਆਰ.), ਨਵਾਂਸ਼ਹਿਰ ਦੇ ਵਿੱਚ ਕੁੱਲ 28 (16 ਸਿਟੀਜ਼ਨ-12 ਪੀ. ਆਰ.), ਪਟਿਆਲਾ-ਰਾਜਪੁਰਾ, ਕੁਰੂਕਸ਼ੇਤਰ-ਕਰਨਾਲ ਦੇ ਵਿੱਚ ਕੁੱਲ 24 (13 ਸਿਟੀਜ਼ਨ-11 ਪੀ. ਆਰ.), ਗੁਰਦਾਸਪੁਰ ਦੇ ਵਿੱਚ 1 ਸਵਾਰੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਬੱਸਾਂ, ਇਨੈਵੋ ਅਤੇ ਸਵਿਫ਼ਟ ਕਾਰਾਂ ਦੀ ਵਰਤੋਂ ਵੀ ਕੀਤੀ ਗਈ ਹੈ ਜੋ ਕਿ ਉਦੇਪੁਰ-ਜੈਪੁਰ, ਖੇੜੀ-ਬਰੇਲੀ, ਕਾਨਪੁਰ-ਮਥੁਰਾ, ਰਿਸ਼ੀਕੇਸ਼, ਗੁਆਨਾ, ਦਿੱਲੀ ਲੋਕਲ ਅਤੇ ਜੰਮੂ ਕਸ਼ਮੀਰ ਮਿਲਾ ਕੇ ਲਗਭਗ 300 ਤੋਂ ਉੱਪਰ ਸਵਾਰੀਆਂ ਇਕੱਠੀਆਂ ਕੀਤੀਆਂ ਗਈਆਂ। ਮੋਟੀ-ਮੋਟੀ ਗਿਣਤੀ ਮੁਤਾਬਿਕ 210 ਦੇ ਕਰੀਬ ਸਿਟੀਜ਼ਨ ਅਤੇ 91 ਦੇ ਕਰੀਬ ਪੀ. ਆਰ. ਵਿਅਕਤੀ ਇਸ ਫਲਾਈਟ ਦੇ ਵਿੱਚ ਸਫ਼ਰ ਕਰ ਰਹੇ ਹਨ।
ਹੁਣ ਤੱਕ ਇਹ ਫਲਾਈਟ ਆਕਲੈਂਡ ਹੀ ਜਾਣ ਦੇ ਚਰਚੇ ਹਨ ਅਤੇ ਫਲਾਈਟ ਸਟੇਟਸ ਉੱਤੇ ਆ ਰਿਹਾ ਹੈ। ਕਈ ਲੋਕਾਂ ਨੂੰ ਪਤਾ ਲੱਗਾ ਹੈ ਕਿ ਸ਼ਾਇਦ ਇਹ ਫਲਾਈਟ 14 ਦਿਨ ਦੇ ਇਕਾਂਤਵਾਸ ਲਈ ਹੋਰ ਕਿਤੇ ਜਾਵੇ। ਹੋ ਸਕਦਾ ਹੈ ਕਿ ਪਹੁੰਚਣ ਉੱਤੇ ਘਰੇਲੂ ਉਡਾਣ ਦੀ ਵਰਤੋਂ ਕੀਤੀ ਜਾਵੇ। ਕੁੱਝ ਲੋਕਾਂ ਦੇ ਕ੍ਰਾਈਸਟਚਰਚ ਭੇਜੇ ਜਾਣ ਦੇ ਵੀ ਚਰਚੇ ਹਨ।