ਵਿਧਾਇਕ ਸ. ਦਲਵੀਰ ਸਿੰਘ ਗੋਲਡੀ ਦਾ ਵੈਲਿੰਗਟਨ ਪਹੁੰਚਣ ਤੇ ਨਿੱਘਾ ਸਵਾਗਤ

ਵੈਲਿੰਗਟਨ, 28 ਨਵੰਬਰ (ਕੂਕ ਪੰਜਾਬੀ ਸਮਾਚਾਰ/ ਗੁਰਪ੍ਰੀਤ ਢਿੱਲੋਂ) – ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਨਿਊਜ਼ੀਲੈਂਡ ਫੇਰੀ ‘ਤੇ ਆਏ ਪੰਜਾਬ ‘ਚ ਕਾਂਗਰਸ ਸਰਕਾਰ ਦੇ ਮੌਜੂਦਾ ਵਿਧਾਇਕ ਸ. ਦਲਵੀਰ ਸਿੰਘ ਜੀ ਗੋਲਡੀ ਦਾ ਵੈਲਿੰਗਟਨ ਪਹੁੰਚਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ। ਅੱਜ ਦੁਪਹਿਰ ਸਮੇਂ ਵੈਲਿੰਗਟਨ ਪਹੁੰਚਣ ਉੱਤੇ ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਪਾਰਲੀਮੈਂਟ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਲੋਅਰ ਹੱਟ ਤੋਂ ਮੈਂਬਰ ਪਾਰਲੀਮੈਂਟ ਕ੍ਰਿਸ ਬਾਇਸ਼ਪ ਵੱਲੋਂ ਵਿਧਾਇਕ ਗੋਲਡੀ ਜੀ ਨੂੰ ਪਾਰਲੀਮੈਂਟ ਦੇ ਖ਼ਾਸ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ।
ਵਿਧਾਇਕ ਸ. ਦਲਵੀਰ ਸਿੰਘ ਜੀ ਗੋਲਡੀ ਨੂੰ ਪਾਰਲੀਮੈਂਟ ਦੇ ਦੌਰੇ ਤੋਂ ਬਾਅਦ ਆਖੀਰ ਵਿੱਚ ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਵੱਲੋਂ ਬਲਵਿੰਦਰ ਕੰਗ, ਦਲੇਰ ਬੱਲ, ਗੁਰਪ੍ਰੀਤ ਢਿੱਲੋਂ, ਅਵਿੰਦਰ ਗਿੱਲ ਅਤੇ ਆਕਲੈਂਡ ਕਬੱਡੀ ਫੈਡਰੇਸ਼ਨ ਦੇ ਤੀਰਥ ਅਟਵਾਲ ਹਾਜ਼ਰ ਸਨ।