ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਸ. ਬਹਾਦੁਰ ਸਿੰਘ ਦੀ ਅਗਵਾਈ ‘ਚ ਅਮਰੀਕਾ ਵਿੱਚ ਸਿੱਖਾਂ ਦੇ 100 ਸਾਲਾਂ ਦੇ ਇਤਿਹਾਸ ਸਬੰਧੀ ਸਮਾਗਮ

ਸਾਲਾਨਾ ਸਟਾਰ ਲਾਈਟ ਪਰੇਡ ਵਿੱਚ ਸਿੱਖ ਧਰਮ ਦੇ ਫਲੋਟ ਨੂੰ ਪਹਿਲਾ ਸਥਾਨ ਪ੍ਰਾਪਤ
ਪੋਰਟਲੈਂਡ, 7 ਜੂਨ (ਔਰੀਗਨ ਸਟੇਟ) – ਗ਼ਦਰ ਮੈਮੋਰੀਅਲ ਫਾਊਂਡੇਸ਼ਨ, ਸਿੱਖ ਸੇਵਾ ਫਾਊਂਡੇਸ਼ਨ ਅਤੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਔਰੀਗਨ ਚੈਪਟਰ) ਵੱਲੋਂ ਸਾਂਝੇ ਤੌਰ ‘ਤੇ ਅਮਰੀਕਾ ਵਿੱਚ ਸਿੱਖਾਂ ਦੇ 100 ਸਾਲਾ ਇਤਿਹਾਸ, ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸਿੱਖ ਸੈਨਿਕਾਂ ਦੀ ਯਾਦ ‘ਚ ਅਤੇ ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਸਬੰਧੀ ਸਿੱਖ ਆਗੂ ਬਹਾਦੁਰ ਸਿੰਘ ਜੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੁਲਾਰਿਆਂ ਨੇ ਅਮਰੀਕਾ ਵਿੱਚ ਸਿੱਖਾਂ ਦੇ 100 ਸਾਲਾ ਇਤਿਹਾਸ ‘ਤੇ ਰੌਸ਼ਨੀ ਪਾਉਣ ਤੋਂ ਇਲਾਵਾ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਸੈਨਿਕਾਂ ਨੂੰ ਵੀ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬੋਲਦਿਆਂ ਸ. ਬਹਾਦੁਰ ਸਿੰਘ ਨੇ ਅਮਰੀਕਾ ਦੇ ਵਿਕਾਸ ਵਿੱਚ ਸਿੱਖ ਕੌਮ ਵੱਲੋਂ ਪਾਏ ਜਾ ਰਹੇ ਯੋਗਦਾਨ ਸਬੰਧੀ ਵੀ ਚਾਨਣਾ ਪਾਇਆ। ਸਮਾਗਮ ਵਿੱਚ ਇਕੱਤਰ ਹੋਏ ਲੋਕਾਂ ਵਿੱਚ ਹੋਰਨਾਂ ਤੋਂ ਇਲਾਵਾ ਔਰੀਗਨ ਦੀ ਅਟਾਰਨੀ ਜਨਰਲ Ellen Rosenblum, ਗ਼ਦਰ ਮੈਮੋਰੀਅਲ ਫਾਊਂਡੇਸ਼ਨ, ਸਿੱਖ ਸੇਵਾ ਫਾਊਂਡੇਸ਼ਨ ਦੇ ਆਗੂ ਅਤੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਔਰੀਗਨ ਸਟੇਟ) ਦੇ ਚੇਅਰਮੈਨ ਸ. ਬਹਾਦੁਰ ਸਿੰਘ, ਅਮਰੀਕ ਆਰਮੀ ਵਿੱਚ ਦਸਤਾਰ ਦੀ ਲੜਾਈ ਲੜਨ ਵਾਲੇ ਆਰਮੀ ਅਫ਼ਸਰ ਤੇ ਡਾਕਟਰ ਸ. ਕਮਲਜੀਤ ਸਿੰਘ ਕਲਸੀ, ਮਿਲਟਰੀ ਅਫ਼ਸਰ ਗੁਰਪ੍ਰੀਤ ਸਿੰਘ ਗਿੱਲ, ਇਤਿਹਾਸਕਾਰ ਜੋਹਾਨਾ ਆਰਗਨ, ਲਾਸ ਏਂਜਲਸ ਤੋਂ ਫਿਲਮ ਪ੍ਰੋਡਿਊਸਰ ਵਿੱਕੀ ਸਿੰਘ, ਫਿਲਮ ਪ੍ਰੋਡਿਊਸਰ ਦਿਲਬਾਗ ਸਿੰਘ, ਪੱਤਰਕਾਰ ਸੁਖਪਾਲ ਸਿੰਘ ਧਨੋਆ ਡੀ.ਸੀ., ਸੰਤ ਹਨੂਮਾਨ ਸਿੰਘ ਖ਼ਾਲਸਾ, ਪਵਲੀਕ ਸਿੰਘ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਸਿੱਖ ਹਸਤੀਆਂ ਤੇ ਸਿੱਖ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਅਮਰੀਕਾ ਦੇ ਵਿਕਾਸ ਵਿੱਚ ਸਿੱਖ ਕੌਮ ਦੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਸਬੰਧ ਵਿੱਚ ਸ. ਵਿੱਕੀ ਸਿੰਘ ਵੱਲੋਂ ਤਿਆਰ 3 ਡਾਕੂਮੈਂਟਰੀ ਫ਼ਿਲਮਾਂ ਵੀ ਦਿਖਾਈਆਂ ਗਈਆਂ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਆਗੂਆਂ ਤੇ ਸਿੱਖ ਸੰਗਤਾਂ ਦਾ ਸ. ਬਹਾਦੁਰ ਸਿੰਘ ਨੇ ਦਿਲ ਦੀਆ ਡੁੰਘਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕੀਤਾ।
ਇਸ ਉਪਰੰਤ ਸ਼ਾਮ ਨੂੰ ਪੋਰਟਲੈਂਡ ਵਿੱਚ ਉਕਤ ਜਥੇਬੰਦੀਆਂ ਤੇ ਆਗੂ ਸਟਾਰ ਲਾਈਟ ਪਰੇਡ ਵਿੱਚ ਸਿੱਖ ਧਰਮ ਦਾ ਫਲੋਟ ਲੈ ਕੇ ਸ਼ਾਮਲ ਹੋਏ ਤੇ ਇਹ ਫਲੋਟ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ। ਜ਼ਿਕਰਯੋਗ ਹੈ ਕਿ ਇਹ ਪਰੇਡ ਪਿਛਲੇ 18 ਸਾਲਾਂ ਤੋਂ ਵੱਖ ਵੱਖ ਧਰਮਾਂ ਤੇ ਕੰਪਨੀਆਂ ਦੀ ਸ਼ਮੂਲੀਅਤ ਨਾਲ ਕੱਢੀ ਗਈ ਜਾਂਦੀ ਹੈ ਜਿਸ ਵਿੱਚ ਸਿੱਖ ਵੀ ਪਿਛਲੇ ਕਈ ਸਾਲਾਂ ਤੋਂ ਸ਼ਮੂਲੀਅਤ ਕਰਦੇ ਆ ਰਹੇ ਹਨ। ਸਿੱਖ ਧਰਮ ਦਾ ਇਹ ਫਲੋਟ ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਖ਼ਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਫਲੋਟ ਦੇ ਨਾਲ ਸਿੱਖ ਨੌਜਵਾਨਾਂ ਦੀ ਇੱਕ ਟੀਮ ਸਿੱਖ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ ਕਰ ਰਹੀ ਸੀ ਜੋ ਇਸ ਗੱਲ ਦਾ ਸੂਚਕ ਸੀ ਕਿ ਸਿੱਖ ਆਪਣੇ ਨਾਲ-ਨਾਲ ਮਨੁੱਖਤਾ ਦੀ ਹਿਫ਼ਾਜ਼ਤ ਵੀ ਕਰਦਾ ਹੈ। ਪਿਛਲੇ ਲੰਮੇ ਸਮੇਂ ਤੋਂ ਕੱਢੀ ਜਾਂਦੀ ਇਸ ਪਰੇਡ ਵਿੱਚ 100 ਤੋਂ ਵੱਧ ਕੰਪਨੀਆਂ ਅਤੇ ਧਰਮਾਂ ਦੇ ਫਲੋਟ ਸ਼ਾਮਿਲ ਹੁੰਦੇ ਹਨ। 6 ਮੀਲ ਲੰਮੇ ਸਫ਼ਰ ਵਾਲੀ ਇਸ ਪਰੇਡ ਨੂੰ ਸੜ੍ਹਕਾਂ  ‘ਤੇ ਖੜ੍ਹ ਕੇ ਹੀ 6 ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਅਤੇ ਵੱਖ-ਵੱਖ ਧਰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪਰੇਡ ਨੂੰ ਦੇਖ ਰਹੇ ਅਮਰੀਕਨ ਮੂਲ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਸਿੱਖ ਕੌਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਤੋਂ ਸਿੱਖਾਂ ਨੇ ਇਸ ਪਰੇਡ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ ਹੈ ਤਾਂ ਉਨ੍ਹਾਂ (ਅਮਰੀਕਨਾਂ) ਵਿੱਚ ਸਿੱਖਾਂ ਬਾਰੇ ਜਾਨਣ ਦੀ ਰੁਚੀ ਵਧੀ ਹੈ ਤੇ ਹੁਣ ਉਹ ਸਿੱਖਾਂ ਬਾਰੇ ਕਾਫ਼ੀ ਕੁੱਝ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਸ ਪਰੇਡ ਤੋਂ ਉਨ੍ਹਾਂ ਨੂੰ ਬਹੁਤ-ਕੁੱਝ ਸਿੱਖਣ ਨੂੰ ਮਿਲਿਆ ਹੈ। ਇਸ ਤਰ੍ਹਾਂ ਵੱਖ-ਵੱਖ ਕਿੱਤਾ ਵਰਗ ਨਾਲ ਸਬੰਧਿਤ ਸਿੱਖਾਂ ਦੀ ਪਹਿਚਾਣ ਕਰਵਾਉਣ ਦੀ ਇੱਕ ਵਧੀਆ ਕੋਸ਼ਿਸ਼ ਕੀਤੀ ਗਈ। ਇਸ ਪਰੇਡ ਨੂੰ ਹਰ ਵਾਰ ਵੱਡੇ ਟੀ.ਵੀ ਚੈਨਲਾਂ ‘ਤੇ ਦਿਖਾਇਆ ਜਾਂਦਾ ਹੈ ਜਿਸ ਨੂੰ ਲੱਖਾਂ ਲੋਕ ਦੇਖਦੇ ਹਨ। ਸ. ਬਹਾਦੁਰ ਸਿੰਘ ਨੇ ਕਿਹਾ ਕਿ ਅਜਿਹੀਆਂ ਪਰੇਡਾਂ ਅਮਰੀਕਾ ਵਿੱਚ ਵੱਖ-ਵੱਖ ਥਾਵਾਂ ‘ਤੇ ਹੁੰਦੀਆਂ ਹਨ। ਇਸ ਲਈ ਜਿੱਥੇ-ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਨ੍ਹਾਂ ਨੂੰ ਆਪਣੇ ਧਰਮ ਨਾਲ ਸਬੰਧਿਤ ਫਲੋਟ ਲੈ ਕੇ ਇਨ੍ਹਾਂ ਪਰੇਡਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਅਮਰੀਕਨ ਭਾਈਚਾਰੇ ਵਿੱਚ ਸਿੱਖ ਧਰਮ ਤੇ ਸਿੱਖਾਂ ਦੀ ਪਛਾਣ ਸਬੰਧੀ ਸਹੀ ਜਾਣਕਾਰੀ ਪਹੁੰਚ ਸਕੇ।