‘ਸ਼ੇਰ ਬੱਗਾ’ ਲੈ ਕੇ ਆ ਰਹੇ ਨੇ ਐਮੀ ਵਿਰਕ ਤੇ ਸੋਨਮ ਬਾਜਵਾ

ਐਮੀ ਵਿਰਕ ਪੰਜਾਬੀ ਸਿਨਮੇ ਦਾ ਸਟਾਰ ਕਲਾਕਾਰ ਹੈ ਜਿਸ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਤਾਜ਼ਾ ਰਿਲੀਜ਼ ਫ਼ਿਲਮ ‘ਸੌਂਕਣ-ਸੌਂਕਣੇ’ ਦੀ ਬੇਮਿਸਾਲ ਸਫ਼ਲਤਾ ਤੋਂ ਬਾਅਦ ਹੁਣ ਐਮੀ ਵਿਰਕ ਆਪਣੀ ਚਹੇਤੀ ਅਦਾਕਾਰਾ ਸੋਨਮ ਬਾਜਵਾ ਨਾਲ ਨਵੀਂ ਫ਼ਿਲਮ ‘ਸ਼ੇਰ ਬੱਗਾ’ ਲੈ ਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਐਮੀ ਤੇ ਸੋਨਮ ਇੱਕ ਸਾਲ ਬਾਅਦ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ।
ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਉਸ ਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਵਿਸ਼ੇ ਅਧਾਰਿਤ ਹੈ। ਬੀਤੇ ਦਿਨੀਂ ‘ਸ਼ੇਰ ਬੱਗਾ’ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਐਮੀ ਵਿਰਕ ਬਹੁਤ ਹੀ ਭੋਲਾ ਭਾਲਾ, ਸਾਫ਼ ਦਿਲ ਵਿਖਾਇਆ ਗਿਆ ਹੈ। ਪਿੰਡੋਂ ਵਿਦੇਸ਼ ਆ ਕੇ ਵੀ ਉਸ ਨੂੰ ਬਾਹਰਲੀ ‘ਹਵਾ’ ਨਹੀਂ ਲੱਗਦੀ। ਇਸੇ ਭੋਲੇਪਣ ਕਰਕੇ ਉਸ ਦੀ ਜ਼ਿੰਦਗੀ ਵਿੱਚ ਸੋਨਮ ਬਾਜਵਾ ਆਉਂਦੀ ਹੈ ਜਿਸ ਨਾਲ ਫ਼ਿਲਮ ਦੀ ਕਹਾਣੀ ਨਵੇਂ ਮੋੜ ਲੈਂਦੀ ਹੋਈ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਦੀ ਹੈ। ਪਿੰਡ ਦੇ ਹਾਣੀ ਮੁੰਡੇ ਉਸ ਦੇ ਭੋਲੇਪਣ ਦਾ ਅਕਸਰ ਹੀ ਮਜ਼ਾਕ ਉਡਾਉਂਦੇ ਰਹਿੰਦੇ ਸੀ ਇਸੇ ਕਰਕੇ ਉਹ ਵੱਖ-ਵੱਖ ਵਿਦੇਸ਼ੀ ਕੁੜੀਆਂ ਨਾਲ ਆਕਰਸ਼ਿਤ ਫ਼ੋਟੋਆਂ ਖਿਚਵਾ ਕੇ ਪਿੰਡ ਦੇ ਹਾਣੀਆਂ ਵਿੱਚ ਨੰਬਰ ਬਣਾਉਣ ਲਈ ਭੇਜਦਾ ਹੈ ਪਰ ਇਸ ਚੱਕਰ ‘ਚ ਪੈ ਕੇ ਉਸ ਦੀ ਜ਼ਿੰਦਗੀ ਹੋਰ ਹਾਸੇ ਦਾ ਤਮਾਸ਼ਾ ਬਣ ਜਾਂਦੀ ਹੈ ਜਦ ਸੋਨਮ ਬਾਜਵਾ ਗਰਭਵਤੀ ਹੋ ਜਾਂਦੀ ਹੈ ਪਰ ਉਹ ਬੱਚਾ ਰੱਖਣਾ ਨਹੀਂ ਚਾਹੁੰਦੀ..ਜਦਕਿ ਐਮੀ ਆਪਣੇ ‘ਸ਼ੇਰ ਬੱਗੇ’ ਨੂੰ ਦੁਨੀਆ ਵਿਖਾਉਣੀ ਚਾਹੁੰਦਾ ਹੈ। ਅਖੀਰ ਇੱਕ ਸਮਝੌਤੇ ਤਹਿਤ ਉਹ ਸਹਿਮਤ ਹੋ ਜਾਂਦੀ ਹੈ। ਐਮੀ ਆਪਣੇ ਭੋਲੇ ਮਾਪਿਆਂ ਤੋਂ ‘ਆਂਡਿਆਂ’ ਦਾ ਵਪਾਰ ਕਰਨ ਬਹਾਨੇ ਪੈਸੇ ਮੰਗਵਾਉਂਦਾ ਹੈ ਪਰ ਸੋਨਮ ਦੀ ਪ੍ਰੈਗਨੈਂਸੀ ਵਾਲੀ ਅਸਲ ਕਹਾਣੀ ਨਹੀਂ ਦੱਸਦਾ। ਐਮੀ ਅਤੇ ਸੋਨਮ ਵੱਖ-ਵੱਖ ਘਰਾਂ ਵਿੱਚ ਰਹਿਣ ਦਾ ਫ਼ੈਸਲਾ ਕਰਦੇ ਹਨ ਅਤੇ ਬੱਚਾ ਐਮੀ ਦੇ ਘਰ ਜਾਵੇਗਾ ਇਹ ਤਹਿ ਕਰਦੇ ਨੇ, ਪਰ ਪ੍ਰਸੰਸਕ ਅੰਦਾਜ਼ਾ ਲਗਾ ਰਹੇ ਹਨ ਕਿ 9 ਮਹੀਨਿਆਂ ਦੇ ਸਮੇਂ ਦੌਰਾਨ, ਐਮੀ ਅਤੇ ਸੋਨਮ ਚੰਗਾ ਸਮਾਂ ਬਤੀਤ ਕਰਨਗੇ ਅਤੇ ਉਹ ਇੱਕ ਦੂਜੇ ਵੱਲ ਆਕਰਸ਼ਿਤ ਹੋਣਗੇ ਅਤੇ ਬੱਚੇ ਲਈ ਭਾਵਨਾਵਾਂ ਵੀ ਪੈਦਾ ਹੋਣਗੀਆਂ.. ਹੁਣ ਪ੍ਰਸੰਸਕ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਜਦੋਂ ਬੱਚਾ ਯਾਨੀ ‘ਸ਼ੇਰ ਬੱਗਾ ‘ ਉਨ੍ਹਾਂ ਦੀ ਜ਼ਿੰਦਗੀ ‘ਚ ਆਵੇਗਾ ਤਾਂ ਐਮੀ ਅਤੇ ਸੋਨਮ ਇਕੱਠੇ ਹੋਣਗੇ ਜਾਂ ਨਹੀਂ। ਸ਼ੇਰ ਬੱਗਾ ਦੀ ਅਸਾਧਾਰਨ ਪ੍ਰੇਮ ਕਹਾਣੀ ਦੇ ਟਰੇਲਰ ਨੂੰ ਖ਼ੂਬਸੂਰਤ ਟਿੱਪਣੀਆਂ ਤੇ ਬਹੁਤ ਪਿਆਰ ਮਿਲ ਰਿਹਾ ਹੈ।
ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। ‘ਕਿਸਮਤ’,’ਛੜਾ’ ਤੇ ‘ਸੁਪਨਾ’ ਫ਼ਿਲਮਾਂ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ‘ਸ਼ੇਰ ਬੱਗਾ’ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਲਿਖਿਆ ਤੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ਨੂੰ ‘ਥਿੰਦ ਮੋਸ਼ਨ ਫਿਲਮਜ਼’ ਤੇ ਵਾਈਟ ਹਿੱਲ ਸਟੂਡੀਓ ਵੱਲੋਂ ਦੇਸ਼ ਵਿਦੇਸ਼ਾਂ ਦੇ ਸਿਨੇਮਾ-ਘਰਾਂ ਵਿੱਚ 10 ਜੂਨ 2022 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।
ਹਰਜਿੰਦਰ ਸਿੰਘ ਜਵੰਦਾ, ਮੋਬਾਈਲ: +91 94638 28000