ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰ ਜਿੱਤੇ ਤੇ ਕਈ ਹਾਰੇ

ਸੈਕਰਾਮੈਂਟੋ, ਕੈਲੀਫੋਰਨੀਆ, 5 ਨਵੰਬਰ (ਹੁਸਨ ਲੜੋਆ ਬੰਗਾ) – ਅਮਰੀਕਾ ਦੀਆਂ ਇਨ੍ਹਾਂ ਚੋਣਾਂ ‘ਚ ਜਿੱਥੇ ਸਿੱਖ ਭਾਈਚਾਰੇ ਸਬੰਧਿਤ ਕਈ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਤੋਂ ਜਿੱਤ ਪ੍ਰਾਪਤ ਕੀਤੀ ਉੱਥੇ ਹੀ ਕੁੱਝ ਉਮੀਦਵਾਰ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ। ਲੈਥਰੋਪ, ਕੈਲੀਫੋਰਨੀਆ ਸ਼ਹਿਰ ‘ਚ ਪੰਜਵੀਂ ਵਾਰ ਮੇਅਰ ਲਈ ਖੜ੍ਹੇ ਸੁਖਮਿੰਦਰ ਸਿੰਘ ਧਾਲੀਵਾਲ ਬਿਨਾਂ ਮੁਕਾਬਲਾ ਚੁਣੇ ਗਏ। ਧਾਲੀਵਾਲ ਬੰਗਾ ਲਾਗੇ ਪਿੰਡ ਲੰਗੇਰੀ ਦੇ ਵਸਨੀਕ ਹਨ ਉਨ੍ਹਾਂ ਦਾ ਸਥਾਨਿਕ ਪੰਜਾਬੀ ਭਾਈਚਾਰੇ ਵਿੱਚ ਵੀ ਕਾਫ਼ੀ ਰਸੂਖ਼ ਹੈ। ਐਲਕ ਗਰੋਵ ਤੋਂ ਮੇਅਰ ਦੀ ਚੋਣ ਲਈ ਲੜੀ ਸਿੱਖ ਭਾਈਚਾਰੇ ਨਾਲ ਸਬੰਧਿਤ ਤੇ ਲਖਵਿੰਦਰ ਸਿੰਘ ਲੱਖੀ ਦੀ ਬੇਟੀ ਚੋਣ ‘ਚ ਆਪਣੇ ਵਿਰੋਧੀ ਤੇ ਦੋ ਵਾਰ ਪਹਿਲਾਂ ਜਿੱਤੇ ਸਟੀਵ ਲੀ ਨੂੰ ਹਰਾ ਕੇ ਜਿੱਤੀ। ਇਸੇ ਤਰ੍ਹਾਂ ਹੀ ਬਜ਼ੁਰਗ ਸਿੱਖ ਆਗੂ ਸ. ਦੀਦਾਰ ਸਿੰਘ ਬੈਂਸ ਦੇ ਪੁੱਤਰ ਕਰਮਦੀਪ ਸਿੰਘ ਬੈਂਸ ਜੋ ਯੂਬਾ ਸਿਟੀ ਡਿਸਟਿਕ 4 ਤੋਂ ਕਾਊਂਟੀ ਸੁਪਰਵਾਈਜ਼ਰ ਦੀ ਚੋਣ ‘ਚ ਆਪਣੇ ਵਿਰੋਧੀ ਤੇ ਪੰਜਾਬੀ ਭਾਈਚਾਰੇ ਦੇ ਹੀ ਤੇਜ ਮਾਨ ਨੂੰ ਹਰਾ ਕੇ ਜਿੱਤੇ। ਇੱਥੇ ਹੀ ਡਿਸਟਿਕ 5 ਤੋਂ ਪੰਜਾਬੀ ਭਾਈਚਾਰੇ ਵਿੱਚ ਸਤਿਕਾਰੇ ਜਾਂਦੇ ਸਰਬ ਥਿਆਰਾ ਆਪਣੇ ਵਿਰੋਧੀ ਮੈਟ ਕੋਨੈਂਟ ਤੋਂ ਚੋਣ ਹਾਰ ਗਏ। ਐਲਕ ਗਰੋਵ ਤੋਂ ਕੌਂਸਲ ਮੈਂਬਰ ਦੀ ਚੋਣ ਲੜ ਰਹੇ ਅਮਰਦੀਪ ਸਿੰਘ ਦੀ ਵੀ ਪੰਜਾਬੀ ਭਾਈਚਾਰੇ ਵੱਲੋਂ ਕਾਫ਼ੀ ਮਦਦ ਕੀਤੀ ਗਈ ਸੀ ਵੀ ਚੋਣ ਹਾਰ ਗਏ। ਸੀਰੀਸ ਸ਼ਹਿਰ ਤੋਂ ਕੌਂਸਲ ਮੈਂਬਰ ਵਜੋਂ ਚੋਣ ਲੜ ਰਹੇ ਮਹਿੰਦਰ ਸਿੰਘ ਕੰਡਾ ਵੀ ਚੋਣ ਹਾਰ ਗਏ।