27 ਅਕਤੂਬਰ ਤੋਂ 5 ਨਵੰਬਰ ਤੱਕ ਰਾਂਚੀ ‘ਚ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਐੱਸਟੀ) ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਨਵੀਂ ਦਿੱਲੀ, 11 ਅਕਤੂਬਰ – 27 ਅਕਤੂਬਰ ਤੋਂ ਪੰਜ ਨਵੰਬਰ ਤੱਕ ਰਾਂਚੀ ਵਿੱਚ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਐੱਸਟੀ) ਲਈ 20 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਤਜਰਬੇਕਾਰ ਮਿਡਫੀਲਡਰ ਸੁਸ਼ੀਲਾ ਚਾਨੂ ਨੂੰ ਸੱਟ ਲੱਗਣ ਕਾਰਨ ਜਗ੍ਹਾ ਨਹੀਂ ਦਿੱਤੀ ਗਈ ਹੈ। ਰੀਓ ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੀ ਸੁਸ਼ੀਲਾ ਹਾਲ ਹੀ ਵਿੱਚ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਹਾਕੀ ਇੰਡੀਆ ਨੇ ਬਲਜੀਤ ਕੌਰ ਨੂੰ ਸੁਸ਼ੀਲਾ ਦੀ ਜਗ੍ਹਾ ਟੀਮ ਵਿੱਚ ਲਿਆ ਗਿਆ ਹੈ। ਏਸ਼ਿਆਈ ਖੇਡਾਂ ਦੀ ਟੀਮ ਵਿੱਚ ਸ਼ਾਮਲ ਵੈਸ਼ਨਵੀ ਵਿੱਠਲ ਫਾਲਕੇ ਨੂੰ ਸ਼ਰਮੀਲਾ ਦੇਵੀ ਨਾਲ ਬਦਲਵੇਂ ਖਿਡਾਰੀ ਵਜੋਂ ਰੱਖਿਆ ਗਿਆ ਹੈ। ਭਾਰਤੀ ਮਹਿਲਾ ਹਾਕੀ ਟੀਮ ‘ਚ ਸੁਸ਼ੀਲਾ ਤੋਂ ਇਲਾਵਾ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ ਟੀਮ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਡਿਫੈਂਡਰ ਦੀਪ ਗਰੇਸ ਇੱਕਾ ਪਹਿਲਾਂ ਵਾਂਗ ਟੀਮ ਦੀ ਉਪ ਕਪਤਾਨ ਬਣੀ ਰਹੇਗੀ।
ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਤੋਂ ਇਲਾਵਾ ਜਾਪਾਨ, ਚੀਨ, ਕੋਰੀਆ, ਮਲੇਸ਼ੀਆ ਅਤੇ ਥਾਈਲੈਂਡ ਭਾਗ ਲੈਣਗੇ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 27 ਅਕਤੂਬਰ ਨੂੰ ਥਾਈਲੈਂਡ ਖ਼ਿਲਾਫ਼ ਕਰੇਗਾ।
ਭਾਰਤੀ ਮਹਿਲਾ ਹਾਕੀ ਟੀਮ:
ਗੋਲਕੀਪਰ – ਸਵਿਤਾ (ਕਪਤਾਨ) ਅਤੇ ਬਿਚੂ ਦੇਵੀ
ਡਿਫੈਂਡਰ – ਨਿੱਕੀ ਪ੍ਰਧਾਨ, ਉਦਿਤਾ, ਇਸ਼ੀਕਾ ਚੌਧਰੀ ਅਤੇ ਦੀਪ ਗਰੇਸ ਇੱਕਾ (ਉਪ ਕਪਤਾਨ)
ਮਿੱਡਫੀਲਡਰ – ਨਿਸ਼ਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨੀਆ, ਮੋਨਿਕਾ, ਜਯੋਤੀ ਅਤੇ ਬਲਜੀਤ ਕੌਰ
ਫਾਰਵਰਡ – ਲਾਲਰੇਮਿਸਯਾਮੀ, ਸੰਗੀਤਾ ਕੁਮਾਰੀ, ਦੀਪਿਕਾ ਅਤੇ ਵੰਦਨਾ ਕਟਾਰੀਆ
ਬੈਕਅੱਪ ਖਿਡਾਰੀ – ਸ਼ਰਮੀਲਾ ਦੇਵੀ ਅਤੇ ਵੈਸ਼ਨਵੀ ਵਿੱਠਲ ਫਾਲਕੇ