8 ਹੋਰ ਵਿਦੇਸ਼ੀ ਦੇਸ਼ਾਂ ‘ਚੋਂ ਆਨਲਾਈਨ ਵੀਜ਼ਾ ਅਰਜ਼ੀ ਪ੍ਰਣਾਲੀ ਆਰੰਭ

ਨਵੀਂ ਦਿੱਲੀ – ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਸਹੂਲਤ ਦਿੰਦੇ ਹੋਏ ਏਕੀਕ੍ਰਿਤ ਆਨਲਾਈਨ ਵੀਜ਼ਾ ਅਰਜ਼ੀ ਪ੍ਰਣਾਲੀ ਸ਼ਿਕਾਗੋ, ਪਰਥ ਅਤੇ ਤਹਿਰਾਨ ਸਣੇ 8 ਹੋਰ ਵਿਦੇਸ਼ੀ ਦੇਸ਼ਾਂ ਲਈ ਵੀ ਲਾਗੂ ਕਰ ਦਿੱਤੀ ਹੈ। ਇਹ ਵਿਦੇਸ਼ੀਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਢੰਗ ਨਾਲ ਸਫਰ ਦਸਤਾਵੇਜ਼ ਹਾਸਲ ਕਰਨ ਦੀ ਵਿਧੀ ਹੈ।
ਇਮੀਗਰੇਸ਼ਨ, ਵੀਜ਼ਾ ਤੇ ਫੌਰੇਨਰਜ਼ ਰਜਿਸਟਰੇਸ਼ਨ ਅਤੇ ਟਰੈਕਿੰਗ (ਆਈ.ਵੀ.ਐਫ.ਆਰ.ਟੀ.) ਸਿਸਟਮ ਪਰਥ (ਆਸਟਰੇਲੀਆ), ਹਿਊਸਟਨ ਤੇ ਸ਼ਿਕਾਗੋ (ਅਮਰੀਕਾ), ਤਹਿਰਾਨ (ਇਰਾਨ), ਕਾਹਿਰਾ (ਮਿਸਰ), ਤੇਇਪੇਈ (ਤਾਇਵਾਨ) ਅਤੇ ਬੈਂਕਾਕ ਤੇ ਚਿਆਂਗ ਮੇਈ (ਥਾਈਲੈਂਡ) ਭਾਰਤੀ ਮਿਸ਼ਨਾਂ ‘ਚ ਸ਼ੁਰੂ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਇਕ ਅਫਸਰ ਮੁਤਾਬਕ ਇਹ ਸਿਸਟਮ ਹੁਣ ਵਿਦੇਸ਼ ‘ਚ 60 ਭਾਰਤੀ ਮਿਸ਼ਨਾਂ ‘ਚ ਲਾਗੂ ਕੀਤਾ ਗਿਆ ਜਿਨ੍ਹਾਂ ‘ਚ ਪਾਕਿਸਤਾਨ, ਬੰਗਲਾਦੇਸ਼ ਅਤੇ ਬਰਤਾਨੀਆ ਸਥਿਤ ਭਾਰਤੀ ਮਿਸ਼ਨ ਸ਼ਾਮਲ ਹਨ।